ਕਿਸਾਨਾਂ ਨੇ ਘੇਰਿਆ ਬੀਜੇਪੀ ਦਾ ਪ੍ਰਧਾਨ, ਗੱਡੀ ‘ਤੇ ਡੰਡਿਆ ਨਾਲ ਹਮਲਾ

TeamGlobalPunjab
3 Min Read

ਫਿਰੋਜ਼ਪੁਰ : ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਤਾਂ ਇਸ ਦੌਰਾਨ ਬੀਜੇਪੀ ਲੀਡਰਾਂ ਦਾ ਘਿਰਾਓ ਵੀ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਵਿਚ ਅਸ਼ਵਨੀ ਸ਼ਰਮਾ ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਜਾਣੀ ਸੀ। ਜਿਵੇਂ ਹੀ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿਚ ਲੋਕ ਅਸ਼ਵਨੀ ਸ਼ਰਮਾ ਦਾ ਘਿਰਾਓ ਕਰਨ ਦੇ ਲਈ ਪਹੁੰਚ ਗਏ। ਇਹ ਮੀਟਿੰਗ ਫਿਰੋਜ਼ਪੁਰ ਦੇ ਇੱਕ ਪੈਲੇਸ ਵਿੱਚ ਰੱਖੀ ਹੋਈ ਸੀ ਅਤੇ ਪੈਲੇਸ ਦੇ ਬਾਹਰ ਕਿਸਾਨ ਇਕੱਠਾ ਹੋਣਾ ਸ਼ੁਰੂ ਹੋ ਗਏ। ਪੁਲੀਸ ਵੱਲੋਂ ਬੈਰੀਕੇਟਿੰਗ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਬੈਰੀਕੇਡ ਤੋੜ ਕੇ ਅਸ਼ਵਨੀ ਸ਼ਰਮਾ ਦਾ ਘਿਰਾਓ ਕਰ ਲਿਆ।ਪੁਲੀਸ ਦੀਆਂ ਰੋਕਾਂ ਦੇ ਬਾਵਜੂਦ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅਸ਼ਵਨੀ ਸ਼ਰਮਾ ਦੀ ਗੱਡੀ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਬੀਜੇਪੀ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਤਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਇਵੇਂ ਹੀ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਦਿੱਲੀ ਵਿਚ ਪੁਲੀਸ ਨੇ ਅੰਦੋਲਨ ਦੇ ਨੇੜੇ ਕਿੱਲਾਂ ਲਗਾ ਕੇ ਸਾਡਾ ਰਾਹ ਰੋਕਿਆ ਹੈ ਤਾਂ ਹੁਣ ਪੰਜਾਬ ਵਿੱਚ ਬੀਜੇਪੀ ਲੀਡਰ ਕਿਹੜੇ ਮੂੰਹ ਨਾਲ ਪ੍ਰਚਾਰ ਕਰਨ ਦੇ ਲਈ ਪਹੁੰਚ ਰਹੇ ਹਨ।

 

ਅਸ਼ਵਨੀ ਸ਼ਰਮਾ ਤੋਂ ਪਹਿਲਾਂ ਬੀਤੇ ਦਿਨ ਮੋਗਾ ਵਿੱਚ ਬੀਜੇਪੀ ਦੇ ਲੀਡਰ ਵਿਜੇ ਸਾਂਪਲਾ ਦਾ ਵੀ ਵਿਰੋਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਨਵਾਂ ਸ਼ਹਿਰ ਵਿੱਚ ਵੀ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਆਉਣਾ ਸੀ। ਪਰ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਗਏ। ਜਿਸ ਕਰਕੇ ਅਸ਼ਵਨੀ ਸ਼ਰਮਾ ਨੇ ਇਹ ਦੌਰਾ ਰੱਦ ਕਰ ਦਿੱਤਾ ਸੀ। ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਚੋਣ ਪ੍ਰਚਾਰ 12 ਫਰਵਰੀ ਤੱਕ ਹੋਵੇਗਾ ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਬੀਜੇਪੀ ਲੀਡਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਕਿਸਾਨਾਂ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਕੇਂਦਰ ਸਰਕਾਰ ਇਹਨਾਂ ਦੇ ਵਿੱਚ ਸੋਧਾਂ ਕਰਨ ਦੇ ਲਈ ਤਿਆਰ ਹੈ, ਜਿਸ ਕਰਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ।

Share this Article
Leave a comment