ਚੰਡੀਗੜ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਪੰਜਾਬ ਦੇ ਦਲਿਤ ਸਕਾਲਰਸ਼ਿਪ ਮੁੱਦੇ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਲਈ ਦਲਿਤਾਂ ਖ਼ਿਲਾਫ਼ ਆਪਣੀ ਨਫ਼ਰਤ ਭਰੀ ਮਾਨਸਿਕਤਾ ਦਾ ਜ਼ਾਹਰ ਕਰਨ ਦੇ ਮਾਮਲਿਆਂ ਨੂੰ ਲੈ ਕੇ ਭਾਜਪਾ ਵਫ਼ਦ ਨੇ ਰਾਸ਼ਟਰੀ ਅਨੁਸੂਚਿਤ ਜਾਤਿ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੁਲਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਬੀਜੇਪੀ ਦੇ ਵਫ਼ਦ ਨੇ ਪੰਜਾਬ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣਾ ਬੰਦ ਕਰਨ ਅਤੇ ਵਜ਼ੀਫੇ ਦੀ ਰਾਸ਼ੀ ਜਾਰੀ ਕਰਨ ਲਈ ਕਮਿਸ਼ਨ ਨੂੰ ਤੁਰੰਤ ਦਖਲ ਦੇਣ ਲਈ ਆਪਣਾ ਮੰਗ ਪੱਤਰ ਵੀ ਵਿਜੇ ਸਾਂਪਲਾ ਨੂੰ ਸੌਂਪਿਆ। ਇਸ ਵਫਦ ‘ਚ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਸੂਬਾ ਮੀਤ ਪ੍ਰਧਾਨ ਰਾਜੇਸ਼ ਬੱਗਾ ਆਦਿ ਵਫ਼ਦ ਵਿੱਚ ਮੌਜੂਦ ਸਨ।
ਅਸ਼ਵਨੀ ਸ਼ਰਮਾ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਜੇ ਤੱਕ ਸੂਬੇ ਦੇ ਕਾਲਜਾਂ/ ਵਿਦਿਅਕ ਅਦਾਰਿਆਂ ਵਿੱਚ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਦੀ ਰਕਮ ਜਾਰੀ ਨਹੀਂ ਕੀਤੀ ਹੈ, ਜਿਸ ਕਾਰਨ ਸੂਬੇ ਦੇ ਕਾਲਜਾਂ / ਵਿਦਿਅਕ ਸੰਸਥਾਵਾਂ ਨੇ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕੇਂਦਰ ਤੋਂ ਭੇਜੇ ਅਨੁਸੂਚਿਤ ਸਮਾਜ ਦੇ ਬੱਚਿਆਂ ਨੂੰ ਵਜ਼ੀਫੇ ਦੀ ਰਾਸ਼ੀ ਜਾਰੀ ਨਾ ਕਰਨ ਕਾਰਨ ਅਜਿਹਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਸੂਬੇ ਦੇ ਦਲਿਤ ਵਰਗ ਨਾਲ ਸਬੰਧਤ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਲਟਕਿਆ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਅਖ਼ਬਾਰਾਂ ਰਾਹੀਂ ਪਤਾ ਲੱਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵਜ਼ੀਫ਼ੇ ਦੀ ਰਾਸ਼ੀ ਵਿੱਚ 64 ਕਰੋੜ ਦਾ ਘੁਟਾਲਾ ਕੀਤਾ ਗਿਆ ਸੀ। ਇਹ ਰਿਪੋਰਟ ਵਧੀਕ ਮੁੱਖ ਸਕੱਤਰ ਆਈ.ਏ.ਐੱਸ. ਕ੍ਰਿਪਾ ਸ਼ੰਕਰ ਸਰੋਜ ਨੇ ਪੰਜਾਬ ਸਰਕਾਰ ਨੂੰ ਭੇਜੀ ਹੈ। ਪਰ ਉਸ ਰਿਪੋਰਟ ਨੂੰ ਦਬਾ ਦਿੱਤਾ ਗਿਆ ਅਤੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਇਸ ਸੰਬੰਧੀ ਕਲੀਨ ਚਿੱਟ ਦੇ ਦਿੱਤੀ।
ਅਸ਼ਵਨੀ ਸ਼ਰਮਾ ਨੇ ਸਾਂਪਲਾ ਤੋਂ ਮੰਗ ਕੀਤੀ ਕਿ ਉਹ ਉਪਰੋਕਤ ਵਿਸ਼ੇ ਦਾ ਨੋਟਿਸ ਲੈਣ ਅਤੇ ਕਾਲਜਾਂ / ਵਿਦਿਅਕ ਸੰਸਥਾਵਾਂ ਵਲੋਂ ਜਾਰੀ ਕੀਤੇ ਵਿਦਿਆਰਥੀਆਂ ਦੇ ਰੋਲ ਨੰਬਰ ਪ੍ਰਾਪਤ ਕਰਨ ਤਾਂ ਜੋ ਸੂਬੇ ਦੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਚਾਇਆ ਜਾ ਸਕੇ। ਦੱਸ ਦੇਈਏ ਕਿ ਸੂਬੇ ਦੀਆਂ ਕੁਝ ਕਾਲਜ ਵਿਦਿਅਕ ਸੰਸਥਾਵਾਂ ਦਲਿਤ ਵਿਦਿਆਰਥੀਆਂ ਦਾ ਲਗਾਤਾਰ ਸ਼ੋਸ਼ਣ ਕਰ ਰਹੀਆਂ ਹਨ, ਜਿਸ ਕਾਰਨ ਦਲਿਤ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਜੇ ਦੱਬੇ ਕੁਚਲੇ ਵਰਗ ਸਿੱਖਿਆ ਤੋਂ ਵਾਂਝਾ ਰਿਹਾ ਤਾਂ ਇਹ ਨਾ ਸਿਰਫ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਬਲਕਿ ਸੂਬੇ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਵੇਗਾ। ਇਹ ਵੀ ਦੱਸਣਾ ਚਾਹੀਦਾ ਹੈ ਕਿ ਹੁਣ ਤੱਕ ਸੂਬੇ ਦੇ ਬਹੁਤੇ ਕਾਲਜਾਂ / ਵਿਦਿਅਕ ਸੰਸਥਾਵਾਂ ਨੇ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਬਾਵਜੂਦ ਉਹਨਾਂ ਨੂੰ ਆਪਣੇ ਸਰਟੀਫਿਕੇਟ / ਡਿਗਰੀਆਂ ਨਹੀਂ ਦਿੱਤੀਆਂ ਹਨ. ਜਿਸ ਕਾਰਨ ਦਲਿਤ ਵਰਗ ਦੇ ਵਿਦਿਆਰਥੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਤਾਂ ਉਹ ਅੱਗੇ ਦੀ ਪੜ੍ਹਾਈ ਜਾਰੀ ਰੱਖ ਸਕਦਾ ਹੈ ਅਤੇ ਨਾ ਹੀ ਉਸ ਨੂੰ ਨੌਕਰੀ ਮਿਲ ਰਹੀ ਹੈI ਸ਼ਰਮਾ ਨੇ ਮੰਗ ਕੀਤੀ ਕਿ ਕਮਿਸ਼ਨ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਬੱਚਿਆਂ ਦੀ ਵਜ਼ੀਫੇ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਦਖਲ ਦੇਵੇ ਅਤੇ ਸਬੰਧਤ ਕਾਲਜਾਂ / ਵਿਦਿਅਕ ਅਦਾਰਿਆਂ ਨੂੰ ਤੁਰੰਤ ਬੱਚਿਆਂ ਦੇ ਰੋਲ ਨੰਬਰ ਅਤੇ ਪਿਛਲੀਆਂ ਡਿਗਰੀਆਂ / ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਜਾਰੀ ਕਰੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਲਿਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਦਲਿਤਾਂ ਪ੍ਰਤੀ ਆਪਣੀ ਨੀਚ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਬਿੱਟੂ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ 2022 ਦੀਆਂ ਚੋਣਾਂ ਵਿੱਚ ਬਸਪਾ ਦੇ ਦਲਿਤ ਉਮੀਦਵਾਰਾਂ ਨੂੰ ਉਹਨਾਂ ਸੀਟਾਂ ਦੇ ਯੋਗ ਨਾ ਹੋਣ ਦਾ ਕਰਾਰ ਦਿੱਤਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਨਾਲ ਫਿਰ ਤੋਂ ਦਲਿਤਾਂ ਪ੍ਰਤੀ ਕਾਂਗਰਸ ਦੀ ਦੋਹਰੀ ਮਾਨਸਿਕਤਾ ਸਾਹਮਣੇ ਆਈ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇਕ ਵਫ਼ਦ ਨੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲ ਕੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਕਿਉਂਕਿ ਕਾਂਗਰਸ ਨੇਤਾ ਬਿੱਟੂ ਨੇ ਦਲਿਤਾਂ ਖਿਲਾਫ ਜਾਤੀਵਾਦੀ ਟਿੱਪਣੀਆਂ ਕਰਦਿਆਂ ਅਨੁਸੂਚਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਖਿਲਾਫ਼ ਕੇਸ ਦਰਜ ਕਰਨਾ ਦੀ ਮੰਗ ਕੀਤੀ ਹੈ। ਵਫ਼ਦ ਨੇ ਮੰਗ ਕੀਤੀ ਕਿ ਕਮਿਸ਼ਨ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ ਤਾਂ ਜੋ ਸੂਬੇ ਵਿਚ ਕੋਈ ਵੀ ਇਸ ਤੋਂ ਬਾਅਦ ਦਲਿਤ ਸਮਾਜ ਦਾ ਅਜਿਹਾ ਮਜ਼ਾਕ ਨਾ ਉਡਾ ਸਕੇ।
ਵਿਜੇ ਸਾਂਪਲਾ ਨੇ ਵਫ਼ਦ ਵਲੋਂ ਦਿੱਤੇ ਗਏ ਦੋਵੇਂ ਮਾਮਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਪ੍ਰਭਾਵ ਨਾਲ ਜਾਂਚ ਕਰਵਾਉਣ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜਾ ਦੇਣ ਅਤੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।