ਕਰਨਾਟਕ ਚੋਣਾਂ ‘ਚ ਭਾਜਪਾ ਨੇ 189 ਸੀਟਾਂ ‘ਤੇ ਉਮੀਦਵਾਰਾਂ ਦਾ ਕੀਤਾ ਐਲਾਨ

Rajneet Kaur
3 Min Read

ਨਿਊਜ਼ ਡੈਸਕ: ਕਰਨਾਟਕ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲੰਬੇ ਹੰਗਾਮੇ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਰਾਜ ਵਿੱਚ 225 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਪਹਿਲੀ ਸੂਚੀ ਵਿੱਚ ਕੁੱਲ 189 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ‘ਚ  52 ਸੀਟਾਂ ‘ਤੇ ਨਵੇਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ।

ਪਹਿਲੀ ਸੂਚੀ ਵਿੱਚ ਭਾਜਪਾ ਨੇ ਜਾਤੀ ਸਮੀਕਰਨਾਂ ਨੂੰ ਸੰਭਾਲਣ ਦੇ ਨਾਲ-ਨਾਲ ਉਮੀਦਵਾਰਾਂ ਦੇ ਪਿਛੋਕੜ ਦਾ ਖਾਸ ਧਿਆਨ ਰੱਖਿਆ ਹੈ। ਇਸ ਸੂਚੀ ਵਿੱਚ ਪਾਰਟੀ ਨੇ 32 ਓਬੀਸੀ, 30 ਐਸਸੀ ਅਤੇ 16 ਐਸਟੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਕੁੱਲ 189 ਉਮੀਦਵਾਰਾਂ ਵਿੱਚ 9 ਡਾਕਟਰਾਂ ਅਤੇ 5 ਵਕੀਲਾਂ ਸਮੇਤ ਬਹੁਤ ਸਾਰੇ ਪੋਸਟ ਗ੍ਰੈਜੂਏਟ ਉਮੀਦਵਾਰ ਸ਼ਾਮਿਲ ਹਨ। ਇਸ ਸੂਚੀ ਵਿੱਚ ਪਾਰਟੀ ਦੇ ਕਈ ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸੂਬੇ ਦੀ ਸਿਆਸਤ ਦੇ ਕੱਟੜ ਆਗੂਆਂ ਦੀਆਂ ਟਿਕਟਾਂ ਵੀ ਕੱਟੀਆਂ ਗਈਆਂ ਹਨ। ਪਾਰਟੀ ਨੇ ਕਨਕਪੁਰ ਸੀਟ ‘ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀਕੇ ਸ਼ਿਵਕੁਮਾਰ ਦੇ ਸਾਹਮਣੇ ਆਰਆਰ ਅਸ਼ੋਕ ਨੂੰ ਮੈਦਾਨ ‘ਚ ਉਤਾਰਿਆ ਹੈ।

ਦੂਜੇ ਪਾਸੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਇੱਕ ਵਾਰ ਫਿਰ ਸ਼ਿਗਾਓਂ ਤੋਂ ਟਿਕਟ ਦਿੱਤੀ ਗਈ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੇ ਪੁੱਤਰ ਨੂੰ ਸ਼ਿਕਾਰਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੀਪੀ ਯੋਗੇਸ਼ਵਰ ਨੂੰ ਚੰਨਪਟਨਾ ਸੀਟ ਤੋਂ ਜੇਡੀਐਸ ਪ੍ਰਧਾਨ ਅਤੇ ਸਾਬਕਾ ਸੀਐਮ ਐਚਡੀ ਕੁਮਾਰਸਵਾਮੀ ਦੇ ਸਾਹਮਣੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਸੀਟ ਤੋਂ ਇਲਾਵਾ ਯੋਗੇਸ਼ਵਰ ਪਦਮਨਾਭਨਗਰ ਸੀਟ ਤੋਂ ਵੀ ਚੋਣ ਲੜ ਰਹੇ ਹਨ। ਭਾਜਪਾ ਨੇ ਸੂਬੇ ਦੇ ਸੀਨੀਅਰ ਨੇਤਾ ਜਗਦੀਸ਼ ਸ਼ੈੱਟਰ ਨੂੰ ਵੀ ਪਹਿਲੀ ਸੂਚੀ  ‘ਚ ਜਗ੍ਹਾ ਨਹੀਂ ਦਿੱਤੀ, ਜਿਸ ‘ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸਾਬਕਾ ਡਿਪਟੀ ਸੀਐਮ ਲਕਸ਼ਮਣ ਵਾੜੀ ਨੂੰ ਵੀ ਅਥਨੀ ਤੋਂ ਟਿਕਟ ਨਹੀਂ ਦਿੱਤੀ ਗਈ। ਭਾਜਪਾ ਨੇ ਇਸ ਵਾਰ ਵੀ ਮੁਸਲਿਮ ਉਮੀਦਵਾਰਾਂ ਤੋਂ ਦੂਰੀ ਬਣਾਈ ਰੱਖੀ ਹੈ। ਕਰਨਾਟਕ ਵਿੱਚ 189 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਭਾਜਪਾ ਨੇ ਕਿਸੇ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਹੈ।

ਦੱਸ ਦੇਈਏ ਕਿ ਰਾਜ ਦੀ 225 ਮੈਂਬਰੀ ਵਿਧਾਨ ਸਭਾ ਲਈ ਨਾਮਜ਼ਦਗੀ ਪ੍ਰਕਿਰਿਆ  13 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 10 ਮਈ ਨੂੰ ਵੋਟਿੰਗ ਹੋਵੇਗੀ ਅਤੇ 13 ਮਈ ਨੂੰ ਚੋਣ ਨਤੀਜੇ ਸਾਹਮਣੇ ਆਉਣਗੇ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment