ਚੋਣਾਂ ‘ਚ ਨਜ਼ਰ ਆਉਂਦੀ ਹਾਰ ਦੀ ਬੁਖਲਾਹਟ ਵਿੱਚ BJP ਤੇ AAP ਚੀਕ-ਚਿਹਾੜਾ ਪਾਉਣ ਲੱਗੀਆਂ -ਕੈਪਟਨ

TeamGlobalPunjab
5 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਧਾਂਦਲੀ ਕਰਨ ਦੇ ਲਾਏ ਦੋਸ਼ਾਂ ਨੂੰ ਚੋਣਾਂ ਵਿੱਚ ਨਜ਼ਰ ਆਉਂਦੀ ਸਪੱਸ਼ਟ ਹਾਰ ਤੋਂ ਘਬਰਾ ਕੇ ਚੀਕ-ਚਿਹਾੜਾ ਪਾਉਣ ਦੀ ਮਿਸਾਲ ਕਰਾਰ ਦਿੱਤਾ ਹੈ ਜਿਨ੍ਹਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ। ਮੁੱਖ ਮੰਤਰੀ ਨੇ ਕਿਹਾ,”ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਯਕੀਨਨ ਸਫ਼ਾਇਆ ਹੋ ਜਾਣ ਦੀ ਇਹ ਘਬਰਾਹਟ ਭਰੀ ਪ੍ਰਤੀਕ੍ਰਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਾਜਪਾ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਮਿਊਂਸਿਪਲ ਚੋਣਾਂ ਵਿੱਚ ਪੂਰੀ ਤਰ੍ਹਾਂ ਸਫ਼ਾਇਆ ਹੋਣਾ ਤੈਅ ਹੈ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਇਨ੍ਹਾਂ ਪਾਰਟੀਆਂ, ਜੋ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਯਕੀਨ ਪੂਰੀ ਤਰ੍ਹਾਂ ਗੁਆ ਚੁੱਕੀਆਂ ਹਨ, ਦੀ ਹੋਰ ਵੀ ਭੈੜੀ ਹੋਣ ਵਾਲੀ ਹਾਲਤ ਦੀ ਪੇਸ਼ੀਨਗੋਈ ਸਾਬਤ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਦੇ ਲੋਕ ਤੇ ਪੰਜਾਬ ਵਿਰੋਧੀ ਕਾਰਿਆਂ ਦੀ ਲੰਮੀ ਸੂਚੀ ਵਿੱਚ ਹੁਣ ਕਾਲੇ ਖੇਤੀ ਕਾਨੂੰਨਾਂ ਦਾ ਨਵਾਂ ਅਧਿਆਏ ਦਰਜ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੁਆਰਾ ਪੂਰਨ ਤੌਰ ‘ਤੇ ਨਕਾਰੇ ਜਾਣ ਕਰਕੇ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜੋ ਕਿ ਯਕੀਨੀ ਤੌਰ ‘ਤੇ ਆਪਣੀ ਨਾਕਾਮਯਾਬੀ ਲੁਕਾਉਣ ਲਈ ਬਹਾਨੇ ਘੜ ਰਹੀਆਂ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ,”ਮੇਰੀ ਸਰਕਾਰ ਤੇ ਮੇਰੀ ਪਾਰਟੀ ਉਸ ਚੋਣ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਿਉਂ ਕਰੇਗੀ ਜਿਸ ਨੂੰ ਅਸੀਂ ਸਾਫ ਤੌਰ ‘ਤੇ ਜਿੱਤ ਰਹੇ ਹਾਂ।” ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਹੋ-ਹੱਲਾ ਕਰਨ ਦੀ ਬਜਾਏ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਪੜਚੋਲ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਵਾਂਗ ਪੰਜਾਬ ਵਿੱਚ ਵੀ ਮਿਊਂਸਿਪਲ ਚੋਣਾਂ ਦੌਰਾਨ ਹੋਈਆਂ ਹਿੰਸਾ ਦੀਆਂ ਵਾਰਦਾਤਾਂ ਭਾਜਪਾ ਅਤੇ ਆਪ ਵੱਲੋਂ ਮਿਲੀਭੁਗਤ ਕਰਕੇ ਕਿਸੇ ਵੀ ਹਰਬੇ ਨਾਲ ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਦੀਆਂ ਸੂਚਕ ਹਨ।

ਭਾਜਪਾ ਆਗੂ ਤਰੁਣ ਚੁੱਘ ਵੱਲੋਂ ਕੀਤੀ ਗਈ ਟਿੱਪਣੀ ਕਿ ਪੰਜਾਬ ਦੇ ਲੋਕ ਦਹਿਸ਼ਤ ਅਤੇ ਡਰ ਵਿੱਚ ਜਿਉਂ ਰਹੇ ਹਨ, ਦਾ ਕਰਾਰਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਾਰੇ ਦੇਸ਼ ਦੇ ਲੋਕ ਹੀ ਜ਼ਾਲਮ ਕੇਂਦਰ ਸਰਕਾਰ ਦੇ ਖੌਫ਼ ਦੇ ਪਰਛਾਵੇਂ ਹੇਠ ਜਿਉਂ ਰਹੇ ਹਨ, ਜਿਸ ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤੱਕ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਹੱਦ ਤੱਕ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਕਿ ਇਸ ਨੂੰ ਸੋਸ਼ਲ ਮੀਡੀਆ ‘ਤੇ ਵੀ ਆਪਣੀ ਜ਼ਰਾ ਕੁ ਜਿੰਨੀ ਖ਼ਿਲਾਫਤ ਬਰਦਾਸ਼ਤ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਦੇ ਲੋਕ ਹੁਣ ਇਹ ਯਕੀਨ ਕਰਨ ਲੱਗ ਪਏ ਹਨ ਕਿ ਦੂਜੀਆਂ ਪਾਰਟੀਆਂ ਵੀ ਸੱਤਾ ਵਿੱਚ ਆ ਕੇ ਤਾਨਾਸ਼ਾਹੀ ਢੰਗ ਨਾਲ ਸਰਕਾਰਾਂ ਚਲਾ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਅਤੇ ਨਾਗਰਿਕਾਂ ਦੀ ਆਜ਼ਾਦੀ ਦੇ ਸੰਵਿਧਾਨਿਕ ਅਸੂਲਾਂ ‘ਤੇ ਪਹਿਰਾ ਦਿੱਤਾ ਹੈ ਅਤੇ ਪੰਜਾਬ ਤੇ ਹੋਰ ਸੂਬਿਆਂ, ਜਿੱਥੇ ਇਸ ਦੀ ਸਰਕਾਰ ਹੈ, ਵਿੱਚ ਵੀ ਇਨ੍ਹਾਂ ਅਸੂਲਾਂ ਦੀ ਪਾਲਨਾ ਕਰਦੀ ਰਹੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਦਾ ਸਵਾਲ ਹੈ ਤਾਂ ਇਹ ਪਾਰਟੀ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਲੋਕ ਵਿਰੋਧੀ ਏਜੰਡਾ ਅੱਗੇ ਵਧਾਉਣ ਲਈ ਭਾਜਪਾ ਦੇ ਹੱਥਠੋਕੇ ਤੋਂ ਵਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਪਾਰਟੀਆਂ ਦੁਆਰਾ ਬੋਲੇ ਗਏ ਝੂਠ ਜ਼ਾਹਰਾ ਤੌਰ ‘ਤੇ ਇਨ੍ਹਾਂ ਦੇ ਸੌੜੇ ਸਿਆਸੀ ਏਜੰਡੇ ਦੁਆਰਾ ਪ੍ਰੇਰਿਤ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚਲੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਝੂਠੇ ਬਿਆਨਾਂ ਅਤੇ ਧੋਖਾਧੜੀ ਵਾਲੇ ਕਾਰਨਾਮਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣ ਲਈ ਕਿਹਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਇਹ ਭਾਜਪਾ ਹੋਵੇ ਜਾਂ ਆਪ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਇਹ ਸਾਫ ਹੈ ਕਿ ਇਹ ਪਾਰਟੀਆਂ ਜ਼ਮੀਨੀ ਸੱਚਾਈ ਤੋਂ ਕੋਹਾਂ ਦੂਰ ਹਨ ਅਤੇ ਲੋਕਾਂ ਦੀ ਨਬਜ਼ ਪਛਾਣਨ ਵਿੱਚ ਨਾਕਾਮ ਰਹੀਆਂ ਹਨ ਅਤੇ ਇਹੀ ਕਾਰਨ ਹੈ ਕਿ ਲੋਕਾਂ ਨੇ ਇਨ੍ਹਾਂ ਦੀਆਂ ਵੰਡ ਪਾਊ, ਪੂੰਜੀਵਾਦੀ ਅਤੇ ਜ਼ਾਲਮਾਨਾ ਨੀਤੀਆਂ ਨੂੰ ਸਿਰੇ ਤੋਂ ਨਕਾਰ ਕੇ ਸ਼ਾਂਤੀ ਅਤੇ ਸਥਿਰਤਾ ਦੇ ਮਾਹੌਲ ਵਿੱਚ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਪੱਖ ਵਿੱਚ ਹਾਮੀ ਭਰੀ ਹੈ।

- Advertisement -

Share this Article
Leave a comment