ਪਟਿਆਲਾ: ਬਰਡ ਫਲੂ ਨੂੰ ਲੈ ਕੇ ਦੇਸ਼ ਵਿੱਚ ਹਾਈ ਅਲਰਟ ਕੀਤਾ ਗਿਆ ਹੈ। 8 ਸੂਬਿਆਂ ਨੇ ਚਿਕਨ ਦੀ ਵਿਕਰੀ ‘ਤੇ ਵੀ ਰੋਕ ਲਗਾ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਲਈ ਇਕ ਰਾਹਤ ਦੀ ਖ਼ਬਰ ਹੈ। ਪਟਿਆਲਾ ਵਿੱਚ ਜਿਹੜੀਆਂ ਮੁਰਗੀਆਂ ਮਰੀਆਂ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਟਿਆਲਾ ਵਿੱਚ ਮੁਰਗੀਆਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ 40 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਸੈਂਪਲਾਂ ਦੀ ਜਾਂਚ ਚੀਫ ਸੈਕਟਰੀ ਵਿੰਨੀ ਮਹਾਜਨ ਦੇ ਨਿਰਦੇਸ਼ਾਂ ਹੇਠ ਪਹਿਲ ਦੇ ਆਧਾਰ ‘ਤੇ ਕੀਤੀ ਗਈ। ਜੋ ਰਾਹਤ ਦੀ ਖਬਰ ਸਾਹਮਣੇ ਲੈ ਕੇ ਆਈ ਹੈ।
ਪਟਿਆਲਾ ਦੇ ਪਿੰਡ ਰੱਖੜਾ ‘ਚ ਮਰੀਆਂ ਮੁਰਗੀਆਂ ਨੂੰ ਪੰਜ ਫੁੱਟ ਗਹਿਰੇ ਖੱਡੇ ਵਿਚ ਦੱਬ ਦਿੱਤਾ ਗਿਆ। ਪਸ਼ੂ ਪਾਲਣ ਵਿਭਾਗ ਦੇ ਡਾ. ਜੀਵਨ ਨੇ ਕਿਹਾ ਕਿ ਇਹਤਿਆਤ ਦੇ ਲਈ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ ‘ਚ ਸੈਂਪਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇੱਥੇ ਚਿਕਨ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ।
ਦੂਸਰੇ ਪਾਸੇ ਹਿਮਾਚਲ ਦੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਪੌਂਗ ਡੈਮ ਦੇ ਅੰਦਰ ਵੀ ਵਿਦੇਸ਼ੀ ਪੰਛੀਆਂ ਦਾ ਲਗਾਤਾਰ ਮਰਨਾ ਜਾਰੀ ਹੈ। ਬੀਤੇ ਦਿਨ ਪੌਂਗ ਡੈਮ ‘ਤੇ 105 ਵਿਦੇਸ਼ੀ ਪੰਛੀਆਂ ਨੇ ਦਮ ਤੋੜ ਦਿੱਤਾ। ਇੱਥੇ ਹੁਣ ਮਰਨ ਵਾਲੇ ਪੰਛੀਆਂ ਦੀ ਕੁੱਲ ਗਿਣਤੀ 4742 ਹੋ ਗਈ ਹੈ।