ਨਿਊਜ਼ ਡੈਸਕ: ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਸਥਾਈ ਅਤੇ ਇਕਲੌਤੀ ਰਾਜਧਾਨੀ ਵਜੋਂ ਮਾਨਤਾ ਦੇਣ ਵਾਲਾ ਬਿੱਲ ਬੁੱਧਵਾਰ ਨੂੰ ਲੋਕ ਸਭਾ ਨੇ ਪਾਸ ਕੀਤਾ ਗਿਆ ਹੈ। ਭਾਜਪਾ ਅਤੇ ਟੀਡੀਪੀ ਦੇ ਨਾਲ-ਨਾਲ ਕਾਂਗਰਸ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਹੈ। ਹਾਲਾਂਕਿ ਆਂਧਰਾ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਵਾਈਐਸਆਰਸੀਪੀ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਲੋਕ ਸਭਾ ‘ਚ ਆਂਧਰਾ ਪ੍ਰਦੇਸ਼ ਪੁਨਰਗਠਨ (ਸੋਧ) ਬਿੱਲ, 2026 ‘ਤੇ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਕਿਹਾ ਕਿ ਕਾਂਗਰਸ ਬਿਲ ਦਾ ਪੂਰਾ ਸਮਰਥਨ ਕਰਦੀ ਹੈ, ਪਰ ਰਾਜ ਨੂੰ ਵਿਸ਼ੇਸ਼ ਦਰਜਾ ਵੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਮਰਾਵਤੀ ਦਾ ਵਿਕਾਸ ਬੈਂਗਲੁਰੂ, ਚੇਨਈ ਜਾਂ ਹੈਦਰਾਬਾਦ ਵਾਂਗ ਹੋਣਾ ਚਾਹੀਦਾ ਹੈ। ਵਿਸ਼ਾਖਾਪਟਨਮ, ਤਿਰੂਪਤੀ ਅਤੇ ਕੁਰਨੂਲ ਨੂੰ ਵੀ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਅਸੀਂ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਸਥਾਈ ਰਾਜਧਾਨੀ ਮੰਨਦੇ ਹਾਂ।
ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਟੀਡੀਪੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਪੇਂਡੂ ਵਿਕਾਸ ਅਤੇ ਸੰਚਾਰ ਰਾਜ ਮੰਤਰੀ ਚੰਦਰ ਸ਼ੇਖਰ ਪੇਮਾਸਾਨੀ ਨੇ ਵੀ ਸਦਨ ਨੂੰ ਸਰਬਸੰਮਤੀ ਨਾਲ ਬਿੱਲ ਪਾਸ ਕਰਨ ਦੀ ਅਪੀਲ ਕੀਤੀ ਤਾਂ ਜੋ ਆਂਧਰਾ ਪ੍ਰਦੇਸ਼ ਨੂੰ ਸਥਾਈ ਰਾਜਧਾਨੀ ਮਿਲ ਸਕੇ। ਭਾਜਪਾ ਦੇ ਸੰਸਦ ਮੈਂਬਰ ਸੀਐਮ ਰਮੇਸ਼ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਥਾਨ ਨੂੰ ਰਾਜ ਦੀ ਰਾਜਧਾਨੀ ਐਲਾਨਣ ਲਈ ਸੰਸਦ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਾਵਤੀ ਨੂੰ ਸਥਾਈ ਰਾਜਧਾਨੀ ਬਣਾਉਣ ਨਾਲ ਕੋਈ ਵੀ ਇਸ ਨੂੰ ਬਦਲ ਨਹੀਂ ਸਕੇਗਾ। ਉਨ੍ਹਾਂ ਪਿਛਲੀ ਵਾਈਐਸਆਰਸੀਪੀ ਸਰਕਾਰ ਦੁਆਰਾ ਤਿੰਨ ਰਾਜਧਾਨੀਆਂ ਦੀ ਯੋਜਨਾ ਨੂੰ ਤਰਕਹੀਣ ਅਤੇ ਅਵਿਵਹਾਰਕ ਕਰਾਰ ਦਿੱਤਾ ਹੈ।
ਇਸ ਦੇ ਨਾਲ ਹੀ ਵਾਈਐਸਆਰ ਕਾਂਗਰਸ ਦੇ ਸੰਸਦ ਮੈਂਬਰ ਪੀਵੀ ਮਿਧੁਨ ਰੈੱਡੀ ਨੇ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਮੁਆਵਜ਼ੇ ਲਈ ਸਪੱਸ਼ਟ ਸਮਾਂ ਸੀਮਾ ਤੋਂ ਬਿਨਾਂ ਇਸ ਬਿੱਲ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਯਾਦ ਦਿਵਾਇਆ ਕਿ ਸੂਬਾ ਸਰਕਾਰ ਨੇ ਅਮਰਾਵਤੀ ਦੇ ਵਿਕਾਸ ਲਈ 34,000 ਏਕੜ ਜ਼ਮੀਨ ਐਕੁਆਇਰ ਕੀਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

