ਮਜੀਠੀਆ ਵੱਲੋਂ ਕੇਜਰੀਵਾਲ ਨੂੰ ਚੁਣੌਤੀ ਜੋ ਵਾਅਦੇ ਪੰਜਾਬ ‘ਚ ਕਰ ਰਹੇ ਹਨ, ਉਹ ਪਹਿਲਾਂ ਦਿੱਲੀ ‘ਚ ਲਾਗੂ ਕਰ ਕੇ ਵਿਖਾਉਣ

TeamGlobalPunjab
4 Min Read

ਸ਼ੁਤਰਾਣਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਰਕਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸਚਮੁੱਚ ਆਪਣੀ ਕਹੀ ਗੱਲ ਦੇ ਪੱਕੇ ਹਨ ਤਾਂ ਉਹ ਸਾਰੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਅਤੇ ਲੋਕਾਂ ਨੂੰ ਹਰ ਬਿਜਲੀ ਸਾਈਕਲ ’ਤੇ 300 ਯੁਨਿਟ ਬਿਜਲੀ ਮੁਫਤ ਦੇਣ ਸਮੇਤ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹਨ, ਉਹ ਪਹਿਲਾਂ ਦਿੱਲੀ ਵਿਚ ਲਾਗੂ ਕਰ ਕੇ ਵਿਖਾਉਣ।

ਇਥੇ ਸ਼ੁਤਰਾਣਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਨਿੰਦਰ ਕੌਰ ਲੂੰਬਾ ਵੱਲੋਂ ਰੱਖਵਾਏ ‘ਸ਼ੁਕਰਾਨਾ ਪਾਠ’ ਵਿਚ ਹਾਜ਼ਰੀ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਪ੍ਰਾਪੇਗੰਡਾ ਕਰਨ ਤੋਂ ਇਲਾਵਾ ਹੁਣ ਤੱਕ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਦਿੱਲੀ ਵਿਚ ਲੋਕਾਂ ਨੁੰ 200 ਯੁਨਿਟ ਬਿਜਲੀ ਮੁਫਤ ਦੇਣ ਦੀ ਪੇਸ਼ਕਸ਼ ਇਸ ਕੀਮਤ ’ਤੇ ਹੈ ਕਿ ਲੋਕ ਇਸਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਸਕੀਮ ਵਿਚ ਇਹ ਧਾਰਾ ਸ਼ਾਮ ਹੈ ਕਿ ਜੇਕਰ ਬਿਜਲੀ ਖਪਤ 200 ਯੁਨਿਟ ਤੋਂ ਇਕ ਯੂਨਿਟ ਵੀ ਵੱਧ ਹੋ ਗਈ ਤਾਂ ਸਾਰਾ ਬਿੱਲ ਭਰਨਾ ਪਵੇਗਾ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਾਏ ਇਸਦੀ ਗੱਲ ਕਰਨ ਦੇ ਕਿ ਉਹ ਪੰਜਾਬ ਵਿਚ ਕੀ ਕਰਨਗੇ, ਕੇਜਰੀਵਾਲ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਦਿੱਲੀ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਿਉਂ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਦਿੱਲੀ ਵਿਚ ਸਭ ਤੋਂ ਜ਼ਿਆਦਾ ਮੁਲਾਜ਼ਮ ਠੇਕੇ ’ਤੇ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ 414 ਲੋਕਾਂ ਨੂੰ ਨੌਕਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਲੋਕਾਂ ਨੂੰ ਦੱਸਣ ਕਿ ਉਹ ਦਿੱਲੀ ਵਿਚ ਮੁਲਾਜ਼ਮ ਵਿਰੋਧੀ ਤੇ ਪੰਜਾਬ ਵਿਚ ਮੁਲਾਜ਼ਮ ਹਿਤੈਸ਼ੀ ਕਿਉਂ ਹਨ।

ਮਜੀਠੀਆ ਨੇ ਦਿੱਲੀ ਸਰਕਾਰ ਦੇ ਮਾੜੇ ਰਿਕਾਰਡ ਨੂੰ ਵੀ ਉਜਾਗਰ ਕੀਤਾ ਤੇ ਦੱਸਿਆ ਕਿ ਸੁਪਰੀਮ ਕੋਰਟ ਨੇ ਵੀ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਇਸਦੇ ਮੁਹੱਲਾ ਕਲੀਨਿਕ ਤੇ ਹਸਪਤਾਲ ਕੋਰੋਨਾ ਕਾਲ ਵਿਚ ਲੋਕਾਂ ਨੂੰ ਸਹਾਇਤਾ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।

- Advertisement -

ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਉਹਨਾਂ (ਮਜੀਠੀਆ) ਦੀ ਚੁਣੌਤੀ ਪ੍ਰਵਾਨ ਕਿਉਂ ਨਹੀਂ ਕੀਤੀ ਤੇ ਨਸ਼ੇ ਦੇ ਕੇਸ ਦੀ ਸੁਣਵਾਈ ਵੇਲੇ ਅਦਾਲਤ ਵਿਚ ਪੇਸ਼ ਕਿਉਂ ਨਹੀਂ ਹੋਏ। ਉਹਨਾਂ ਕਿਹਾ ਕਿ ਉਹਨਾਂ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਸੀ ਪਰ ਸਿੱਧੂ ਨੇ ਭੱਜ ਜਾਣਾ ਬੇਹਤਰ ਸਮਝਿਾ। ਉਹਨਾਂ ਕਿਹਾ ਕਿ ਮੈਂ ਉਹਨਾਂ ਨੁੰ ਇਕ ਵਾਰ ਫਿਰ ਚੁਣੌਤੀ ਦਿੰਦਾ ਹਾਂ ਕਿ ਜੇਕਰ ਚਰਨਜੀਤ ਸਿੰਘ ਚੰਨੀ ਸਚਮੁੱਚ ਹੀ ਚੰਗਾ ਕੰਮ ਕਰ ਰਹੇ ਹਨ ਤਾਂ ਫਿਰ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਕੇ ਵਿਖਾਉਣ।

ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਦਾ ਦੋਸ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਮੜ੍ਹ ਕੇ ਆਪ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਚੰਨੀ ਵੀ ਉਸ ਟੀਮ ਦਾ ਹਿੱਸਾ ਸਨ ਜਿਸਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਬਨਿਟ ਮੰਤਰੀ ਸਨ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਬਦਲ ਗਿਆ ਹੈ ਪਰ ਕਾਂਗਰਸ ਪਾਰਟੀ ਤਾਂ ਉਹੋ ਹੀ ਹੈ। ਉਹਨਾਂ ਕਿਹਾ ਕਿ ਇਹ ਪਾਰਟੀ ਹੈ ਜਿਸਨੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਪੰਜਾਬ ਦੇ 65 ਲੱਖ ਘਰਾਂ ਵਿਚ ਘਰ ਘਰ ਨੌਕਰੀ, ਬੇਰੋਜ਼ਗਾਰਾਂ ਲਈ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ, 5 ਰੁਪਏ ਯੁਨਿਟ ’ਤੇ ਬਿਜਲੀ ਦੇਣ ਤੇ ਸਮਾਜ ਭਲਾਈ ਸਕੀਮਾਂ ਦੇ ਲਾਭ ਵਧਾਉਣ ਸਮੇਤ ਸਾਰੇ ਵਾਅਦੇ ਪੂਰਨ ਤੋਂ ਭੱਜ ਕੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ।

ਮਜੀਠੀਆ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ 700 ਕਿਸਾਨਾਂ ਦੀ ਯਾਦ ਵਿਚ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਵਿਚ ਵੀ ਸ਼ਮੂਲੀਅਤ ਕੀਤੀ । ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।

Share this Article
Leave a comment