ਬਿਹਾਰ: ਖੇਤੀ ਕਾਨੂੰਨ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਬਿਹਾਰ ਦੇ ਗਯਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਉਹਨਾਂ ਨੇ ਖੇਤੀ ਕਾਨੂੰਨ ਅਤੇ ਧਾਰਾ 370 ‘ਤੇ ਸਾਫ਼ ਕਰ ਦਿੱਤਾ ਹੈ ਕਿ ਉਹ ਲਾਗੂ ਕੀਤੇ ਕਾਨੂੰਨਾਂ ਤੋਂ ਪੈਰ ਪਿੱਛੇ ਨਹੀਂ ਕਰਨਗੇ। ਦੇਸ਼ ‘ਚ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਅਤੇ ਆਮਦਨ ਦੁਗਣੀ ਕਰਨ ਲਈ ਜਾਰੀ ਕੀਤੇ ਗਏ ਹਨ। ਅਤੇ ਧਾਰਾ 370 ਖ਼ਤਮ ਕਰਨ ਨਾਲ ਜੰਮੂ ਕਸ਼ਮੀਰ ‘ਚੋਂ ਅੱਤਵਾਦ ਨੂੰ ਲਗਾਮ ਲੱਗੀ ਹੈ।
ਖੇਤੀ ਕਾਨੂੰਨ ਖਿਲਾਫ਼ ਪੰਜਾਬ ‘ਚ ਕਿਸਾਨ ਨਿੱਤਰੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਵੀ ਖੇਤੀ ਕਾਨੂੰਨ ਖਿਲਾਫ਼ ਬਿੱਲ ਪਾਸ ਕੀਤਾ ਗਿਆ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ‘ਚ ਵਿਧਾਨ ਸਭਾ ਚੋਣਾਂ ਦੀ ਰੈਲੀ ਵਿੱਚ ਵੱਡਾ ਬਿਆਨ ਦਿੱਤਾ ਹੈ।
ਖੇਤੀ ਕਾਨੂੰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ‘ਮੰਡੀ ਤੇ ਐੱਮਐੱਸਪੀ ਤਾਂ ਬਹਾਨਾ ਹੈ, ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ। ਇਸ ਬਿਆਨ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਹਨ। ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਦਲਾਲਾਂ ਦੇ ਹੱਕ ‘ਚ ਆ ਕੇ ਕਾਨੂੰਨ ਦਾ ਵਿਰੋਧ ਕਰ ਰਹੇ ਹਨ।