ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ, ਸਾਰੇ ਟੈਕਸ ਅਤੇ ਵਿੱਤੀ ਰਿਕਾਰਡ ਅਪਰਾਧਿਕ ਜਾਂਚ ਦਾ ਹੋਣਗੇ ਹਿੱਸਾ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਸੁਪਰੀਮ ਕੋਰਟ ਨੇ ਬੀਤੇ ਵੀਰਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੁੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਸਾਰੇ ਟੈਕਸ ਅਤੇ ਵਿੱਤੀ ਰਿਕਾਰਡਾਂ ਨੂੰ ਅਪਰਾਧਿਕ ਜਾਂਚ ਦੇ ਹਿੱਸੇ ਵਜੋਂ ਐਲਾਨ ਦਿੱਤਾ ਹੈ।

ਕੰਜ਼ਰਵੇਟਿਵ ਚੀਫ਼ ਜਸਟਿਸ ਜੌਨ ਰਾਬਰਟ ਦੀ ਡਿਵੀਜ਼ਨ ਬੈਂਚ ਨੇ 7-2 ਫੈਸਲੇ ਨਾਲ ਸਿਰਫ ਸਰਕਾਰੀ ਵਕੀਲ ਨੂੰ ਇਨ੍ਹਾਂ ਰਿਕਾਰਡਾਂ ਦੀ ਪੜਤਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਆਦੇਸ਼ ਅਨੁਸਾਰ ਡੈਮੋਕਰੇਟਿਕ ਅਗਵਾਈ ਵਾਲੀ ਕਾਂਗਰਸ ਟਰੰਪ ਦੇ ਦਸਤਾਵੇਜ਼ਾਂ ਨੂੰ ਹਾਸਲ ਨਹੀਂ ਕਰ ਸਕੇਗੀ।

ਸਰਕਾਰੀ ਵਕੀਲ ਨੇ ਦੋਸ਼ ਲਗਾਇਆ ਕਿ ਟਰੰਪ ਨੇ ਆਪਣੇ ਸਬੰਧਾਂ ਨੂੰ ਲੁਕਾਉਣ ਲਈ ਕਈ ਗੁਪਤ ਭੁਗਤਾਨ ਕੀਤੇ। ਅਦਾਲਤ ਦਾ ਫ਼ੈਸਲਾ ਉਨ੍ਹਾਂ ਅਦਾਇਗੀਆਂ ਨਾਲ ਸਬੰਧਤ ਦਸਤਾਵੇਜ਼ਾਂ ਲਈ ਹੈ। ਆਦੇਸ਼ ‘ਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਟਰੰਪ ਦੇ ਲੈਣ-ਦੇਣ ਦਾ ਲੇਖਾ ਜੋਖਾ ਰੱਖਣ ਵਾਲੀ ਅਕਾਊਂਟਿੰਗ ਫਰਮ ਐਲਐਲਪੀ ਨੂੰ ਉਨ੍ਹਾਂ ਦੇ ਸਾਰੇ ਵਿੱਤੀ ਰਿਕਾਰਡ ਜਾਂਚ ਦੇ ਲਈ ਗ੍ਰਾਂਡ ਜਿਉਰੀ ਦੇ ਸਾਹਮਣੇ ਰੱਖਣੇ ਹੋਣਗੇ। ਸਿਰਫ ਸਰਕਾਰੀ ਵਕੀਲ ਇਨ੍ਹਾਂ ਦਸਤਾਵੇਜ਼ਾਂ ਨੂੰ ਵੇਖ ਸਕਦਾ ਹੈ।

ਉਕਤ ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ‘ਚ ਹੋਵੇਗੀ। ਸੰਵਿਧਾਨਿਕ ਬੈਂਚ ਨੇ ਟਰੰਪ ਨੂੰ ਕੁਝ ਰਾਹਤ ਦਿੰਦੇ ਹੋਏ ਤਿੰਨ ਹਾਊਸ ਕਮੇਟੀਆਂ ਦੁਆਰਾ ਇਨ੍ਹਾਂ ਦਸਤਾਵੇਜ਼ਾਂ ਦੀ ਪ੍ਰਾਪਤੀ ‘ਤੇ ਰੋਕ ਲਗਾ ਦਿੱਤੀ। ਦੋਵਾਂ ਫੈਸਲਿਆਂ ‘ਚ ਰਾਬਰਟ ਦੇ ਹੱਕ ‘ਚ ਚਾਰ ਲਿਬਰਲ ਅਤੇ ਟਰੰਪ ਦੇ ਹੱਕ ‘ਚ ਦੋ ਕੰਜ਼ਰਵੇਟਿਵ ਜੱਜਾਂ ਜਸਟਿਸ ਬਰੇਟ ਕੈਵਾਨੋ ਅਤੇ ਨੀਲ ਗੋਰਸਚ ਸਨ। ਫੈਸਲੇ ਤੋਂ ਬਾਅਦ ਮੈਨਹੈਟਨ ਦੇ ਡੈਮੋਕਰੇਟ ਡਿਸਟ੍ਰਿਕਟ ਅਟਾਰਨੀ ਸਾਈਰਸ ਵੈਨਸ ਨੇ ਕਿਹਾ, “ਇਹ ਇਕ ਵੱਡੀ ਜਿੱਤ ਹੈ।” ਅੱਜ ਇਹ ਸਪੱਸ਼ਟ ਹੋ ਗਿਆ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ, ਫਿਰ ਭਾਵੇਂ ਉਹ ਖੁਦ ਰਾਸ਼ਟਰਪਤੀ ਕਿਉਂ ਨਾ ਹੋਵੇ।

- Advertisement -

Share this Article
Leave a comment