ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 8 ਕਿਲੋ ਹੈਰੋਇਨ ਨਾਲ ਤਸਕਰ ਗ੍ਰਿਫਤਾਰ

Rajneet Kaur
2 Min Read

ਚੰਡੀਗੜ੍ਹ: CM  ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿਤਾ ਹੈ।  ਜਲੰਧਰ (ਦਿਹਾਤੀ) ਪੁਲਿਸ ਨੇ  ਨਸ਼ਾ ਤਸਕਰ , ਜਿਸਦੀ ਪਛਾਣ ਜੋਗਾ ਸਿੰਘ ਵਾਸੀ ਪਿੰਡ ਰਾਜਾਪੁਰ, ਲੁਧਿਆਣਾ ਵਜੋਂ ਹੋਈ ਹੈ , ਨੂੰ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ  ਦੱਸਿਆ ਕਿ ਜੋਗਾ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਹੈ, ਜੋ ਪਾਕਿਸਤਾਨ ਤੋਂ ਸਰਹੱਦੀ ਨੈਟਵਰਕ ਰਾਹੀਂ ਤਸਕਰ ਕੀਤੀ ਗਈ ਹੈਰੋਇਨ ਦੀ ਖੇਪ ਨੂੰ ਲੈਣ ਲਈ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਗਿਆ ਸੀ।  ਦੋਸ਼ੀ ਐਨਡੀਪੀਐਸ ਐਕਟ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸਦੇ ਦੋ ਸਾਥੀਆਂ ਨੂੰ 14 ਕਿਲੋ ਹੈਰੋਇਨ ਬਰਾਮਦਗੀ ਉਪਰੰਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸ਼ਿੰਦਰ ਸਿੰਘ ਨਾਂ ਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 10 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਮਾਡਿਊਲ ਨਾਲ ਜੁੜੀ ਇੱਕ ਮਹਿਲਾ ਨਸ਼ਾ ਤਸਕਰ ਅਮਨਦੀਪ ਕੌਰ ਉਰਫ ਦੀਪ ਭਾਈ ਨੂੰ ਵੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਦੋਸ਼ੀ ਜੋਗਾ ਸਿੰਘ ਕੋਲੋਂ 8 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਇਸ ਮਾਡਿਊਲ ਤੋਂ ਹੈਰੋਇਨ ਦੀ ਕੁੱਲ ਬਰਾਮਦਗੀ 22 ਕਿਲੋ ਤੱਕ ਜਾ ਪਹੁੰਚੀ ਹੈ।

ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਕੋਲ ਦੋਸ਼ੀ ਜੋਗਾ ਸਿੰਘ , ਜਿਸ ਕੋਲ ਹੈਰੋਇਨ ਦੀ ਖੇਪ ਸੀ ਅਤੇ ਉਹ ਕਿਸੇ ਵਿਅਕਤੀ ਨੂੰ ਉਸਦੀ ਡਿਲਵਰੀ ਦੇਣ ਜਾ ਰਿਹਾ ਸੀ ,ਸਬੰਧੀ ਪੁਖ਼ਤਾ ਇਤਲਾਹ ਸੀ। ਇਸੇ ਇਤਲਾਹ ਦੇ ਆਧਾਰ ’ਤੇ ਗੁਰਾਇਆ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ਨੇ ਪਿੰਡ ਧੁਲੇਤਾ ਨੇੜੇ ਵਿਸ਼ੇਸ਼ ਨਾਕਾ ਲਗਾਇਆ ਅਤੇ ਦੋਸ਼ੀ ਜੋਗਾ ਸਿੰਘ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਖੇਪ ਦੀ ਡਿਲੀਵਰੀ ਦੇਣ ਜਾ ਰਿਹਾ ਸੀ ਅਤੇ ਉਸ ਕੋਲੋਂ ਬੈਗ ਵਿਚ ਛੁਪਾ ਕੇ ਰੱਖੀ 8 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।

- Advertisement -

Share this Article
Leave a comment