ਨਿਊਜ਼ ਡੈਸਕ: ਸਤਲੋਕ ਆਸ਼ਰਮ ਦੇ ਮੁਖੀ ਅਤੇ ਸਵੈ-ਘੋਸ਼ਿਤ ਸੰਤ ਰਾਮਪਾਲ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੰਤ ਰਾਮਪਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸ ਦੇਈਏ ਕਿ ਸੱਤ ਸਾਲ ਪਹਿਲਾਂ ਸੰਤ ਰਾਮਪਾਲ ਨੂੰ ਪੰਜ ਪੈਰੋਕਾਰਾਂ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ 5 ਸਾਲਾਂ ਬਾਅਦ ਰਾਮਪਾਲ ਨੂੰ ਇਸ ਮਾਮਲੇ ਵਿੱਚ ਰਾਹਤ ਮਿਲੀ ਹੈ।
ਦਰਅਸਲ, ਸਾਲ 2018 ਵਿੱਚ, ਸਤਲੋਕ ਆਸ਼ਰਮ ਦੇ ਮੁਖੀ, ਸਵੈ-ਘੋਸ਼ਿਤ ਸੰਤ ਰਾਮਪਾਲ ਅਤੇ ਉਨ੍ਹਾਂ ਦੇ ਕੁਝ ਪੈਰੋਕਾਰਾਂ ਨੂੰ ਅਦਾਲਤ ਨੇ ਕਤਲ, ਬੰਧਕ ਬਣਾਉਣ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸੀ। ਇਹ ਮਾਮਲੇ 19 ਨਵੰਬਰ 2014 ਨੂੰ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਸਨ। ਹਿਸਾਰ ਜ਼ਿਲ੍ਹੇ ਦੇ ਬਰਵਾਲਾ ਕਸਬੇ ਨੇੜੇ ਸਤਲੋਕ ਆਸ਼ਰਮ ਵਿੱਚ ਪੁਲਿਸ ਅਤੇ ਰਾਮਪਾਲ ਦੇ ਪੈਰੋਕਾਰਾਂ ਵਿਚਕਾਰ ਝੜਪ ਹੋਈ ਸੀ। ਇਸ ਝੜਪ ਵਿੱਚ ਚਾਰ ਔਰਤਾਂ ਸਮੇਤ ਪੰਜ ਲੋਕ ਮਾਰੇ ਗਏ ਸਨ। ਇਸ ਘਟਨਾ ਦੀ ਪੂਰੇ ਦੇਸ਼ ਵਿੱਚ ਚਰਚਾ ਹੋਈ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਅਕਤੂਬਰ 2018 ਵਿੱਚ ਹਿਸਾਰ ਦੀ ਇੱਕ ਅਦਾਲਤ ਵੱਲੋਂ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ।ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਜਸਟਿਸ ਦੀਪਿੰਦਰ ਸਿੰਘ ਨਲਵਾ ਦੇ ਡਿਵੀਜ਼ਨ ਬੈਂਚ ਨੇ ਰਾਮਪਾਲ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਬਾਅਦ ਇਹ ਹੁਕਮ ਦਿੱਤਾ ਹੈ।