ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਮੀਨ ਰਜਿਸਟਰੀ ਅਤੇ ਇੰਤਕਾਲ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਨਵੀਂ ਡਿਜੀਟਲ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੇਪਰਲੈੱਸ ਰਜਿਸਟਰੀ 2.0 ਅਤੇ ਆਟੋ ਮਿਊਟੇਸ਼ਨ (ਸਵੈਚਲਿਤ ਇੰਤਕਾਲ) ਪ੍ਰਣਾਲੀ ਦੀ ਸ਼ੁਰੂਆਤ ਕੀਤੀ।
ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਇੰਤਕਾਲ ਲਈ ਵੱਖਰੇ ਤੌਰ ‘ਤੇ ਅਰਜ਼ੀ ਨਹੀਂ ਦੇਣੀ ਪਵੇਗੀ। ਰਜਿਸਟਰੀ ਪੂਰੀ ਹੁੰਦੇ ਹੀ ਇੰਤਕਾਲ ਦੀ ਪ੍ਰਕਿਰਿਆ ਆਪਣੇ ਆਪ ਸ਼ੁਰੂ ਹੋ ਜਾਵੇਗੀ ਅਤੇ ਲੋਕ ਘਰ ਬੈਠੇ ਇਸ ਦੀ ਸਥਿਤੀ ਵੀ ਦੇਖ ਸਕਣਗੇ ਅਤੇ ਕਾਪੀ ਡਾਊਨਲੋਡ ਵੀ ਕਰ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਇੰਤਕਾਲ ਅਤੇ ਜ਼ਮੀਨ ਨਾਲ ਜੁੜੇ ਕੰਮਾਂ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਦਫ਼ਤਰਾਂ ਦੇ ਕਈ ਚੱਕਰ ਲਗਾਉਣੇ ਪੈਂਦੇ ਸਨ। ਹੁਣ ਨਵੀਂ ਪ੍ਰਣਾਲੀ ਨਾਲ ਸਮਾਂ ਬਚੇਗਾ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਮਿਲਣਗੀਆਂ।
ਸਰਕਾਰ ਮੁਤਾਬਕ ਪੇਪਰਲੈੱਸ ਰਜਿਸਟਰੀ ਦਾ ਪਹਿਲਾ ਪੜਾਅ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਸੀ ਅਤੇ ਹੁਣ ਦੂਜੇ ਪੜਾਅ ਵਿੱਚ ਇੰਤਕਾਲ ਪ੍ਰਕਿਰਿਆ ਨੂੰ ਵੀ ਇਸ ਨਾਲ ਜੋੜ ਦਿੱਤਾ ਗਿਆ ਹੈ।
ਨਵੀਂ ਪ੍ਰਣਾਲੀ ਵਿੱਚ ਆਧਾਰ ਆਧਾਰਿਤ ਈ-ਕੇਵਾਈਸੀ, ਡਿਜੀਟਲ ਦਸਤਖਤ, ਬਾਇਓਮੈਟ੍ਰਿਕ ਤਸਦੀਕ ਅਤੇ ਆਨਲਾਈਨ ਸਟੇਟਸ ਟਰੈਕਿੰਗ ਵਰਗੀਆਂ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਰਜਿਸਟਰੀ ਲਈ ਪਾਸਪੋਰਟ ਵਾਂਗ ਤਤਕਾਲ ਅਪਾਇੰਟਮੈਂਟ ਦੀ ਸਹੂਲਤ ਵੀ ਮਿਲੇਗੀ।
ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਮਾਮਲਿਆਂ ਵਿੱਚ ਖੇਵਟ ਵੰਡ ਦੀ ਲੋੜ ਨਹੀਂ ਹੋਵੇਗੀ, ਉਨ੍ਹਾਂ ਵਿੱਚ 24 ਘੰਟਿਆਂ ਦੇ ਅੰਦਰ ਇੰਤਕਾਲ ਪ੍ਰਵਾਨ ਹੋ ਜਾਵੇਗਾ, ਜਦਕਿ ਹੋਰ ਮਾਮਲਿਆਂ ਦਾ ਨਿਪਟਾਰਾ 10 ਦਿਨਾਂ ਦੇ ਅੰਦਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਨਵੀਂ ਵਿਵਸਥਾ ਨਾਲ ਮਾਲ ਪ੍ਰਸ਼ਾਸਨ ਹੋਰ ਪਾਰਦਰਸ਼ੀ, ਤੇਜ਼ ਅਤੇ ਭ੍ਰਿਸ਼ਟਾਚਾਰ-ਮੁਕਤ ਬਣੇਗਾ ਅਤੇ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਮਿਲਣਗੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

