ਚੰਡੀਗੜ੍ਹ : ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤਾ ‘ਗੱਲ ਪੰਜਾਬ ਦੀ’ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਸੁਖਬੀਰ ਬਾਦਲ ਵੱਲੋਂ ਆਰੰਭੀ ਗਈ ਹੈ ਇਸ ਮੁਹਿੰਮ ਤਹਿਤ ਉਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਸੁਖਬੀਰ ‘100 ਦਿਨ 100 ਹਲਕਾ’ ਯਾਤਰਾ ਦੌਰਾਨ ਵੱਖ-ਵੱਖ ਹਲਕਿਆਂ ਦੀ ਯਾਤਰਾ ਕਰ ਰਹੇ ਸਨ। ਸੁਖਬੀਰ ਬਾਦਲ ਨੇ ‘ਗੱਲ ਪੰਜਾਬ ਦੀ’ ਮੁਹਿੰਮ 18 ਅਗਸਤ ਨੂੰ ਜ਼ੀਰਾ ਹਲਕੇ ਤੋਂ ਸ਼ੁਰੂ ਕੀਤੀ ਸੀ।
ਪਿਛਲੇ ਕੁਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਦਾ ਲਗਾਤਾਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ, ਮੰਨਿਆ ਜਾ ਰਿਹਾ ਹੈ ਕਿ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ‘ਗੱਲ ਪੰਜਾਬ ਦੀ’ ਮੁਹਿੰਮ ਨੂੰ ਹਾਲ ਦੀ ਘੜੀ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਤਿੱਖੀਆਂ ਝੜਪਾਂ ਵੀ ਹੋਈਆਂ ਸਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਹਲਕੇ ਬਲ ਦਾ ਵੀ ਪ੍ਰਯੋਗ ਕਰਨਾ ਪਿਆ।
ਉਧਰ ਸੁਖਬੀਰ ਸਿੰਘ ਬਾਦਲ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੇ ਪ੍ਰੋਗਰਾਮ ‘ਗੱਲ ਪੰਜਾਬ ਦੀ’ ਨੂੰ 10 ਸਤੰਬਰ ਤੋਂ ਮੁੜ ਸ਼ੁਰੂ ਕਰਨਗੇ। ਦੱਸਿਆ ਗਿਆ ਹੈ ਕਿ ਇਸ ਮੁਹਿੰਮ ਦੀ ਮੁੜ ਤੋਂ ਸ਼ੁਰੂਆਤ ਅਮਲੋਹ ਤੋਂ ਕੀਤੀ ਜਾਵੇਗੀ ।