ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਖਤੀ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੋਵਿਡ ਰਿਵਿਊ ਬੈਠਕ ਦੌਰਾਨ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਵਿੱਚ ਮੁੜ ਤੋਂ ਸਖਤੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਲਈ ਆਰ.ਟੀ.-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ ਜਾਂ ਉਹ ਵਿਅਕਤੀ ਹੀ ਦਾਖਲ ਹੋ ਸਕੇਗਾ ਜਿਸ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਈਆਂ ਹੋਣ। ਇਨ੍ਹਾਂ ਦੋਵਾਂ ਸ਼ਰਤਾਂ ਤੋਂ ਬਿਨਾਂ ਪੰਜਾਬ ਵਿਚ ਐਂਟਰੀ ਨਹੀਂ ਮਿਲੇਗੀ। ਮੁੱਖ ਮੰਤਰੀ ਨੇ ਜੰਮੂ, ਹਿਮਾਚਲ ਅਤੇ ਹਰਿਆਣਾ ਤੋਂ ਆਉਣ ਵਾਲਿਆਂ ‘ਤੇ ਖਾਸ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਇਹ ਹੁਕਮ ਹਿਮਾਚਲ ਪ੍ਰਦੇਸ਼ ਤੇ ਜੰਮੂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੋਵਿਡ ਟੈਸਟ ਵਧਾਉਣ ਦੇ ਵੀ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ 60 ਹਜ਼ਾਰ ਕੋਵਿਡ ਟੈਸਟ ਰੋਜ਼ਾਨਾ ਕਰਨ ਲਈ ਨਿਰਦੇਸ਼ ਦਿੱਤੇ ਹਨ।
ਸਕੂਲਾਂ ‘ਚ ਵਧ ਰਹੇ ਕੋਵਿਡ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਿਰਫ਼ ਉਹੀ ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਸਕੂਲ ‘ਚ ਆ ਸਕੇਗਾ ਜਿਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਨ ਦਾ ਬਦਲ ਵਿਦਿਆਰਥੀਆਂ ਕੋਲ ਪਹਿਲਾਂ ਵਾਂਗ ਰਹੇਗਾ। ਮੁੱਖ ਮੰਤਰੀ ਨੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਨੂੰ ਵੈਕਸੀਨੇਸ਼ਨ ‘ਚ ਤਰਜੀਹ ਦੇਣ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਲਈ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਨੂੰ ਦੂਸਰੀ ਡੋਜ਼ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਉੱਥੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਆਪਕਾਂ ਤੇ ਹੋਰ ਸਕੂਲ ਸਟਾਫ ਲਈ ਦੂਸਰੀ ਡੋਜ਼ ਨੂੰ ਤਰਜੀਹ ਦੇਣ ਲਈ ਦੋ ਖੁਰਾਕਾਂ ਵਿਚਲੇ ਅੰਤਰ ਨੂੰ ਘਟਾਉਣ ਦਾ ਸੁਝਾਅ ਦਿੱਤਾ।
In line with our aggressive precautionary measures to safeguard from a possible third #Covid19 wave, have directed the Health Department to further augment daily testing. People travelling to punjab will have to carry a negative report or undergo testing on arrival. pic.twitter.com/iLEczTlHxw
— Capt.Amarinder Singh (@capt_amarinder) August 14, 2021
ਮੁੱਖ ਮੰਤਰੀ ਨੇ ਹਰ ਦਿਨ ਸਕੂਲਾਂ ਦੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੇ ਘੱਟੋ-ਘੱਟ 1000 ਟੈਸਟ ਸੈਂਪਲ ਲੈਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਤੁਰੰਤ ਟੀਕੇ ਲਗਾਉਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਕੂਲਾਂ ਵਿਚ ਬਿਨਾਂ ਕਿਸੇ ਰੁਕਾਵਟ ਦੇ ਪੜ੍ਹਾਈ ਹੋ ਸਕੇ।