ਵੱਡੀ ਉਪਲਬਧੀ : ਹੁਣ ਦੇਸ਼ ਵਿੱਚ ਹੀ ਤਿਆਰ ਹੋਵੇਗਾ ਭਾਰਤੀ ਮਿਜ਼ਾਈਲਾਂ ਦਾ ਈਂਧਨ

TeamGlobalPunjab
2 Min Read

ਕਾਨਪੁਰ : ਦੇਸ਼ ਦੀ ਮਿਜ਼ਾਈਲ ਪਾਵਰ ‘ਚ ਹੋਰ ਵਾਧਾ ਹੋਣ ਜਾ ਰਿਹਾ ਹੈ । ਹੁਣ ਪ੍ਰਿਥਵੀ, ਅਗਨੀ, ਸੂਰੀਆ, ਸ਼ੌਰਿਆ, ਪ੍ਰਹਾਰ ਤੇ ਬ੍ਰਮੋਜ਼ ਸਮੇਤ ਦੇਸ਼ ਦੇ ਸੁਰੱਖਿਆ ਚੱਕਰ ਨੂੰ ਮਜ਼ਬੂਤੀ ਦੇਣ ਵਾਲੀਆਂ ਮਿਜ਼ਾਈਲਾਂ ਦਾ ਈਂਧਨ (Fuel) ‘ਮੇਡ ਇਨ ਇੰਡੀਆ’ ਮਤਲਬ ਭਾਰਤੀ ਹੋਵੇਗਾ। ਇਸ ਨਾਲ ਮਿਜ਼ਾਈਲ ਦੀ ਨਾ ਸਿਰਫ ਰਫ਼ਤਾਰ ਵਧੇਗੀ, ਬਲਕਿ ਔਸਤ ਈਂਧਨ ‘ਚ ਵੀ 20 ਤੋਂ 25 ਫ਼ੀਸਦੀ ਦੀ ਬੱਚਤ ਹੋਵੇਗੀ। ਘੱਟ ਈਂਧਨ ‘ਚ ਮਿਜ਼ਾਈਲ ਜ਼ਿਆਦਾ ਦੂਰ ਤਕ ਮਾਰ ਕਰ ਸਕੇਗੀ।

ਇਸ ਦੇਸੀ ਈਂਧਨ ਨੂੰ ਮਿਨਰਲ ਆਇਲ ਕਾਰਪੋਰੇਸ਼ਨ ਨੇ ਰੱਖਿਆ ਸਮੱਗਰੀ ਤੇ ਭੰਡਾਰ ਖੋਜ ਤੇ ਵਿਕਾਸ ਅਦਾਰੇ (ਡੀਐੱਮਐੱਸਆਰਡੀਓ) ਨਾਲ ਰਲ ਕੇ ਤਿਆਰ ਕੀਤਾ ਹੈ। ਕੋਰੋਨਾ ਕਾਲ ‘ਚ ਤਿਆਰ ਕੀਤੇ ਗਏ ਇਸ ਈਂਧਨ ਨੂੰ ਪਰਖ ਲਈ ਫ਼ੌਜ ਕੋਲ ਭੇਜਿਆ ਗਿਆ ਹੈ।

ਮਿਜ਼ਾਈਲ ਭੇਜਣ ਲਈ ਬਣਾਏ ਗਏ ਈਂਧਨ ਦੀ ਖਾਸੀਅਤ ਇਹ ਹੈ ਕਿ ਇਹ ਜ਼ਿਆਦਾ ਦੇਰ ਤਕ ਬਲ਼ਦਾ ਹੈ। ਸ਼ੁਰੂਆਤੀ ਪ੍ਰੀਖਣ ‘ਚ ਇਸ ਨੂੰ ਬਿਹਤਰ ਪਾਇਆ ਗਿਆ ਹੈ। ਹੁਣ ਮਿਜ਼ਾਈਲਾਂ ‘ਚ ਵਰਤਣ ਲਈ ਇਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।

ਕਾਨਪੁਰ ਦੇ ਉੱਦਮੀ ਤੇ ਸਵਦੇਸੀ ਈਂਧਨ ‘ਤੇ ਕੰਮ ਕਰਨ ਵਾਲੇ ਮਿਨਰਲ ਆਇਲ ਕਾਰਪੋਰੇਸ਼ਨ ਦੇ ਮੈਨੇਜਰ ਡਾਇਰੈਕਟਰ ਵਿਕਾਸ ਚੰਦਰ ਅਗਰਵਾਲ ਨੇ ਦੱਸਿਆ ਕਿ ਮਿਜ਼ਾਈਲ ਦਾ ਈਂਧਨ ਹਾਲੇ ਤਕ ਵਿਦੇਸ਼ ਤੋਂ ਆਉਂਦਾ ਹੈ। ਕੋਰੋਨਾ ਕਾਲ ‘ਚ ਕਰੀਬ ਇਕ ਵਰ੍ਹੇ ਦੀ ਖੋਜ ਤੋਂ ਬਾਅਦ ਉਨ੍ਹਾਂ ਨੇ ਮਿਜ਼ਾਈਲ ਦਾ ਈਂਧਨ ਬਣਾਇਆ ਹੈ।

ਐਕ੍ਰੀਡਿਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐੱਨਏਬੀਐੱਲ) ‘ਚ ਇਸ ਦਾ ਸਫਲ ਪ੍ਰਰੀਖਣ ਕੀਤਾ ਜਾ ਚੁੱਕਾ ਹੈ। ਹੁਣ ਉੱਚ ਪੱਧਰੀ ਪ੍ਰੀਖਣ ਲਈ ਫ਼ੌਜ ਨੂੰ ਭੇਜਿਆ ਗਿਆ ਹੈ। ਉਥੋਂ ਮਨਜ਼ੂਰੀ ਮਿਲਦਿਆਂ ਹੀ ਮਿਜ਼ਾਈਲਾਂ ‘ਚ ਇਸ ਦੀ ਵਰਤੋਂ ਕੀਤੀ ਜਾਣ ਲੱਗੇਗੀ। ਇਹ ਈਂਧਨ ਨਾਲ ਬੂਸਟਰ ਵੀ ਹੈ, ਜੋ ਮਿਜ਼ਾਈਲ ਨੂੰ ਰਫ਼ਤਾਰ ਦੇਣ ਦਾ ਵੀ ਕੰਮ ਕਰੇਗਾ।

Share This Article
Leave a Comment