ਚੰਡੀਗੜ੍ਹ : ਪੰਜਾਬ ਭਵਨ ਵਿਖੇ ਕਰੀਬ 2 ਘੰਟਿਆਂ ਤਕ ਚੱਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀਆਂ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਖਤਮ ਹੋ ਗਈ ਹੈ। ਸਿੱਧੂ ਦੀ ਨਾਰਾਜ਼ਗੀ ਦੂਰ ਕੀਤੇ ਜਾਣ ਨੂੰ ਲੈ ਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਕਿਸੇ ਮੰਤਰੀ, ਵਿਧਾਇਕ ਅਤੇ ਖ਼ੁਦ ਮੁੱਖ ਮੰਤਰੀ ਵੱਲੋਂ ਮੀਟਿੰਗ ਦੇ ਨਤੀਜੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੀਡੀਆ ਨਾਲ ਗੱਲਬਾਤ ਕਰਨਗੇ, ਪਰ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਚੰਨੀ, ਨਵਜੋਤ ਸਿੰਘ ਸਿੱਧੂ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਮੰਤਰੀ ਅਤੇ ਵਿਧਾਇਕ ਪੰਜਾਬ ਭਵਨ ਤੋਂ ਇੱਕ-ਇੱਕ ਕਰ ਕੇ ਨਿਕਲ ਗਏ ਪਰ ਉਹਨਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ ।
ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਡੀਜੀਪੀ ਸਹੋਤਾ ਅਤੇ ਐਡਵੋਕੇਟ ਜਨਰਲ ਨੂੰ ਤਬਦੀਲ ਕਰਨ ‘ਤੇ ਅੜ ਗਏ ਹਨ, ਇਸੇ ਕਾਰਨ ਮੀਟਿੰਗ ਬੇਨਤੀਜਾ ਰਹੀ ਹੈ। ਉਧਰ ਸਿੱਧੂ ਨੂੰ ਵੀ ਦੱਸਿਆ ਗਿਆ ਹੈ ਕਿ ਇਕਦਮ ਅਜਿਹਾ ਕੀਤਾ ਜਾਣਾ ਸੰਭਵ ਨਹੀਂ ਹੈ। ਖ਼ਬਰ ਇਹ ਵੀ ਹੈ ਕਿ ਸਿੱਧੂ ਦੀਆਂ ਕੁਝ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਹੈ ਪਰ ਸਾਰੀਆਂ ਨੂੰ ਨਹੀਂ ।
ਫਿਲਹਾਲ ਅੱਗੇ ਫੈਸਲਾ ਕੀ ਹੋਵੇਗਾ ਇਸ ‘ਤੇ ਸਸਪੈਂਸ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 4 ਅਕਤੂਬਰ ਨੂੰ ਇਕ ਵਾਰ ਫਿਰ ਤੋਂ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸਿਵਲ ਸਕੱਤਰੇਤ-1 ਵਿਖੇ ਸੋਮਵਾਰ ਨੂੰ ਸਵੇਰੇ 11 ਵਜੇ ਰੱਖੀ ਗਈ ਹੈ।