ਨਵੀਂ ਦਿੱਲੀ : ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਹੁਣ ਹੋਰ ਵੀ ਜ਼ਿਆਦਾ ਉਲਝਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਲਗਾਤਾਰ ਮੁਖ਼ਾਲਫ਼ਤ ਕਰਦੇ ਆ ਰਹੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਬਿੱਟੂ ਨੇ ਇੱਕ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਹਾਲ ਦੀ ਘੜੀ ਚੁੱਪ ਰਹਿਣ ਦੀ ਨਸੀਹਤ ਦਿੱਤੀ ਹੈ।
ਬਿੱਟੂ ਦਾ ਮੰਨਣਾ ਹੈ ਕਿ ਸਿੱਧੂ ਇੱਕ ਪ੍ਰਸਿੱਧ ਚੇਹਰਾ ਹੈ। ਉਹ ਜਦੋਂ ਵੀ ਚਾਹੁੰਦੇ ਹਨ ਹਾਈਕਮਾਂਡ ਨੂੰ ਅਨੇਕਾਂ ਵਾਰ ਮਿਲ ਚੁੱਕੇ ਹਨ। ਬਿੱਟੂ ਨੇ ਕਿਹਾ ਕਿ ਜਦੋਂ ਸਿੱਧੂ ਹਾਈਕਮਾਂਡ ਸਾਹਮਣੇ ਆਪਣਾ ਪੱਖ ਰੱਖ ਹੀ ਚੁੱਕੇ ਹਨ ਤਾਂ ਹੁਣ ਹੋਰ ਕੀ ਬਾਕੀ ਰਹਿ ਗਿਆ ਹੈ। ਸਾਨੂੰ ਹਾਈਕਮਾਂਡ ਦੇ ਫ਼ੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਬਿੱਟੂ ਨੇ ਕਿਹਾ ਕਿ ਆਪਣੀ ਹੀ ਪਾਰਟੀ ਦੀ ਸਾਖ ਨੂੰ ਖਰਾਬ ਕਰਨਾ ਕੋਈ ਚੰਗਾ ਕੰਮ ਨਹੀਂ।
There should be no place for indiscipline in the party. Strong action should be taken against the one who damages the party, be it me or anyone. Those who don't like can leave the party, Congress MP Ravneet Singh Bittu added
— ANI (@ANI) July 6, 2021
ਇਸ ਤੋਂ ਵੀ ਅੱਗੇ ਵਧਦੇ ਹੋਏ ਰਵਨੀਤ ਬਿੱਟੂ ਨੇ ਕਿਹਾ “ਪਾਰਟੀ ਵਿੱਚ ਅਨੁਸ਼ਾਸ਼ਨਹੀਣਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਜਿਹੜਾ ਵੀ ਵਿਅਕਤੀ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਸ ਖਿਲਾਫ਼ ਸਖ਼ਤ ਅਨੁਸ਼ਾਸ਼ਨੀ ਕਾਰਵਾਈ ਹੋਣੀ ਚਾਹੀਦੀ ਹੈ, ਬੇਸ਼ੱਕ ਉਹ ਕੋਈ ਵੀ ਕਿਉਂ ਨਾ ਹੋਵੇ। ਜਿਨ੍ਹਾਂ ਨੂੰ ਪਾਰਟੀ ਵਿਚ ਰਹਿ ਕੇ ਚੰਗਾ ਮਹਿਸੂਸ ਨਹੀਂ ਹੋ ਰਿਹਾ ਉਹ ਪਾਰਟੀ ਛੱਡ ਸਕਦੇ ਹਨ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਵਨੀਤ ਸਿੰਘ ਬਿੱਟੂ, ਨਵਜੋਤ ਸਿੰਘ ਸਿੱਧੂ ਦੀ ਸਖ਼ਤ ਨੁਕਤਾਚੀਨੀ ਕਰ ਚੁੱਕੇ ਹਨ।
ਦਰਅਸਲ ਨਵਜੋਤ ਸਿੰਘ ਸਿੱਧੂ ਹਾਈਕਮਾਂਡ ਸਾਹਮਣੇ ਆਪਣਾ ਪੱਖ ਰੱਖਣ ਤੋਂ ਬਾਅਦ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲੀ ਬੈਠੇ ਹਨ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਬੜੱਪਣ ਵਿਖਾਉਂਦੇ ਹੋਏ ਸਿੱਧੂ ਲਈ ਵੱਡਾ ਫੈਸਲਾ ਲੈ ਸਕਦੇ ਹਨ।
(ਵਿਵੇਕ ਸ਼ਰਮਾ)