ਟੋਰਾਂਟੋ : ਹੈਲਥ ਕੈਨੇਡਾ ਨੇ ਸ਼ਨੀਵਾਰ ਨੂੰ ਇੱਕ ਵੱਡਾ ਉਪਰਾਲਾ ਕਰਦਿਆਂ ਓਂਟਾਰੀਓ ਦੀ ਵਿਸ਼ੇਸ਼ ਲਾਟ ਵਾਲੀ AstraZeneca ਵੈਕਸੀਨ ਦੀ ਮਿਆਦ ਮਿਤੀ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ।
ਪਹਿਲਾਂ AstraZeneca ਵੈਕਸੀਨ ਦੇ ਵਿਸ਼ੇਸ਼ ਲਾਟ ਦੀ ਮਿਆਦ 6 ਮਹੀਨੇ ਸੀ ਜਿਸ ਨੂੰ ਵਧਾ ਕੇ 7 ਮਹੀਨੇ ਕਰ ਦਿੱਤਾ ਗਿਆ ਹੈ। ਅਜਿਹਾ ਪ੍ਰਾਂਤ ਵਿੱਚ ਐਸਟਰਾਜ਼ੇਨੇਕਾ ਦੀਆਂ ਕਈ ਹਜ਼ਾਰ ਖੁਰਾਕਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਕੀਤਾ ਗਿਆ ਹੈ।
ਓਂਟਾਰੀਓ ਦੇ ਸਿਹਤ ਮੰਤਰੀ ਦੇ ਇਕ ਬੁਲਾਰੇ ਨੇ ਕਿਹਾ, “ਟੀਕੇ ਦੀਆਂ ਖੁਰਾਕਾਂ ਦੀ ਮੁੱਕਦੀ ਮਿਆਦ ਪਹਿਲਾਂ 31 ਮਈ, 2021 ਸੀ, ਜਿਹੜੀ ਹੁਣ 1 ਜੁਲਾਈ 2021 ਤੱਕ ਵਰਤੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਓਂਟਾਰੀਓ ‘ਚ ਵਿਸ਼ੇਸ਼ ਲਾਟ ਵਾਲੀ ਐਸਟ੍ਰਾਜ਼ੇਨੇਕਾ ਵੈਕਸੀਨ ਦੀਆਂ 45,000 ਖੁਰਾਕਾਂ ਬਾਕੀ ਹਨ, ਜਿਨ੍ਹਾਂ ਦੀ ਮਿਆਦ ਸੋਮਵਾਰ ਨੂੰ ਪੂਰੀ ਹੋ ਰਹੀ ਸੀ।
ਸਿਹਤ ਮੰਤਰੀ ਐਲੀਓਟ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਈਮੇਲ ਰਾਹੀਂ ਕਿਹਾ, “ਦਰਸਾਏ ਗਏ ਸਥਿਰਤਾ ਦੇ ਅੰਕੜਿਆਂ ਦੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਵੈਕਸੀਨ ਦੀਆਂ ਇਨ੍ਹਾਂ ਖੁਰਾਕਾਂ ਦੀ ਸੁਰੱਖਿਆ ਦਾ ਮੁੜ ਮੁਲਾਂਕਣ ਕੀਤਾ ਗਿਆ ਗੁਣਵੱਤਾ ਦੀ ਜਾਂਚ ਕੀਤੀ ਗਈ।”
ਉਧਰ ਸਿਹਤ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਨੇ ਆਪਣੀ ਪਹਿਲੀ ਖੁਰਾਕ 10 ਮਾਰਚ ਤੋਂ 19 ਮਾਰਚ ਦੇ ਵਿਚਕਾਰ ਪ੍ਰਾਪਤ ਕੀਤੀ ਹੈ ਉਹ ਦੂਜੀ ਖੁਰਾਕ ਲਈ ਯੋਗ ਹਨ ।