ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਪੱਛਮੀ ਬੰਗਾਲ ਤੋਂ ਬਾਅਦ ਹੁਣ ਹੋਰ ਸੂਬਿਆਂ ਵਿੱਚ ਵੀ ਪਾਰਟੀ ਨੂੰ ਮਜ਼ਬੂਤ ਕਰਨਾ ਆਰੰਭਿਆ ਹੋਇਆ ਹੈ। ਇਸੇ ਕੜੀ ਤਹਿਤ ਹਰਿਆਣਾ ਦੀ ਸਿਆਸਤ ‘ਚ ਉਸ ਸਮੇਂ ਵੱਡੀ ਹਲਚਲ ਹੋਈ ਜਦੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ।
ਕਿਸੇ ਸਮੇਂ ਰਾਹੁਲ ਗਾਂਧੀ ਦੇ ਕਰੀਬੀ ਰਹੇ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਮੰਗਲਵਾਰ ਨੂੰ ਦਿੱਲੀ ਵਿਖੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਧਰ ਕਾਂਗਰਸ ਦੇ ਹੀ ਇੱਕ ਹੋਰ ਵੱਡੇ ਆਗੂ ਕੀਰਤੀ ਆਜ਼ਾਦ ਨੇ ਵੀ ਮਮਤਾ ਬੈਨਰਜੀ ਦੀ ਪਾਰਟੀ ਜੁਆਇਨ ਕਰ ਲਈ।
ਸ਼ਾਮ 5:45 ਵਜੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਊਥ ਐਵੇਨਿਊ ‘ਤੇ ਇਕ ਸੰਸਦ ਮੈਂਬਰ ਦੀ ਰਿਹਾਇਸ਼ ‘ਤੇ ਅਸ਼ੋਕ ਤੰਵਰ ਨੂੰ ਪਾਰਟੀ ‘ਚ ਸ਼ਾਮਲ ਕੀਤਾ।
ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਸ਼ੋਕ ਤੰਵਰ ਨੇ ਵੱਡਾ ਬਿਆਨ ਦਿੱਤਾ ਅਤੇ ਕਿਹਾ ਕਿ ਭਾਜਪਾ ਨੂੰ ਮਮਤਾ ਬੈਨਰਜੀ ਹੀ ਹਰਾ ਸਕਦੀ ਹੈ। ਤੰਵਰ ਨੇ ਕਿਹਾ, ‘ਅੱਜ ਇੱਕ ਹੀ ਨੇਤਾ ਹੈ ਜੋ ਭਾਜਪਾ ਨੂੰ ਹਰਾ ਸਕਦਾ ਹੈ। ਬੰਗਾਲ ਵਿੱਚ ਮਮਤਾ ਬੈਨਰਜੀ ਨੇ ਭਾਜਪਾ ਨੂੰ ਹਰਾਇਆ। ਜਿਵੇਂ ਕਿਸਾਨਾਂ ਨੇ ਇਸ ਸਰਕਾਰ ਨੂੰ ਆਪਣੀਆਂ ਮੰਗਾਂ ਲਈ ਝੁਕਾਇਆ, ਵਿਰੋਧੀ ਧਿਰ ਇਕੱਠੇ ਹੋ ਕੇ 2024 ਵਿੱਚ ਭਾਜਪਾ ਨੂੰ ਹਰਾਉਣ ।’
ਇਸ ਤੋਂ ਕੁਝ ਘੰਟੇ ਪਹਿਲਾਂ ਮਮਤਾ ਬੈਨਰਜੀ ਨੇ ਸਾਬਕਾ ਸੰਸਦ ਮੈਂਬਰ ਕੀਰਤੀ ਆਜ਼ਾਦ ਨੂੰ ਵੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਕਾਂਗਰਸ ਨੂੰ ਬਿਹਾਰ ‘ਚ ਵੱਡਾ ਝਟਕਾ ਲੱਗਾ ਹੈ। ਕੀਰਤੀ ਆਜ਼ਾਦ ਸਾਬਕਾ ਕ੍ਰਿਕੇਟਰ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਭਾਗਵਤ ਝਾਅ ਆਜ਼ਾਦ ਦੇ ਪੁੱਤਰ ਹਨ।
ਜ਼ਿਕਰਯੋਗ ਹੈ ਕਿ ਕੀਰਤੀ ਆਜ਼ਾਦ 2019 ਵਿੱਚ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਪਰ ਮੰਗਲਵਾਰ ਨੂੰ ਉਨਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ।