ਰੋਹਤਕ : ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ PGI ਹਸਪਤਾਲ ਰੋਹਤਕ ਤੋਂ ਸੁਨਾਰੀਆ ਜੇਲ੍ਹ ਵਾਪਸ ਭੇਜ ਦਿੱਤਾ ਗਿਆ ਹੈ।
ਪੀਜੀਆਈ ਰੋਹਤਕ ਵਿਖੇ 7 ਡਾਕਟਰਾਂ ਦੇ ਪੈਨਲ ਨੇ ਡੇਰਾ ਮੁਖੀ ਨੂੰ ਤਕਰੀਬਨ 21 ਘੰਟੇ ਨਿਗਰਾਨੀ ਹੇਠ ਰੱਖਿਆ ਅਤੇ ਫਿਰ ਉਸਨੂੰ ਵਾਪਸ ਜੇਲ੍ਹ ਭੇਜ ਦਿੱਤਾ। ਸੂਤਰਾਂ ਅਨੁਸਾਰ ਬਾਬੇ ਦਾ ਕੋਰੋਨਾ ਟੈਸਟ ਨਹੀਂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਠਹਿਰਨ ਦੌਰਾਨ ਡੇਰਾ ਮੁਖੀ ਵਾਰ-ਵਾਰ ਹਨੀਪ੍ਰੀਤ ਅਤੇ ਪਰਿਵਾਰ ਨੂੰ ਮਿਲਣ ਦੀਆਂ ਗੱਲਾਂ ਕਰਦਾ ਰਿਹਾ।
ਦੱਸ ਦਈਏ ਕਿ ਬੁੱਧਵਾਰ ਦੇਰ ਸ਼ਾਮ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਰੋਹਤਕ ਪੀਜੀਆਈ ਲਿਆਂਦਾ ਗਿਆ ਸੀ । ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਬਾਬੇ ਨੂੰ ਘਬਰਾਹਟ, ਬੇਚੈਨੀ ਅਤੇ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਦੀ ਸ਼ਿਕਾਇਤ ਤੋਂ ਬਾਅਦ ਪੀਜੀਆਈ ਹਸਪਤਾਲ ਭੇਜਣ ਦਾ ਫੈਸਲਾ ਕੀਤਾ ਗਿਆ। ਬੁੱਧਵਾਰ ਨੂੰ ਬਾਬੇ ਨੂੰ ਸਖਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਤੋਂ ਪੀਜੀਆਈ ਲਿਆਂਦਾ ਗਿਆ ਸੀ।
ਇਸ ਤੋਂ ਪਹਿਲਾਂ, ਬੁੱਧਵਾਰ ਸਵੇਰੇ ਤੋਂ ਸ਼ਾਮ 5 ਵਜੇ ਤੱਕ, ਜੇਲ੍ਹ ਹਸਪਤਾਲ ਵਿੱਚ ਹੀ ਬਾਬੇ ਦਾ ਇਲਾਜ ਚੱਲ ਰਿਹਾ ਸੀ। ਉਸ ਤੋਂ ਬਾਅਦ ਪੀਜੀਆਈ ਲਿਆਂਦਾ ਗਿਆ ਸੀ ।