ਵਾਲਮੀਕਿ ਭਾਈਚਾਰੇ ਦਾ ਅੰਮ੍ਰਿਤਸਰ ‘ਚ ਵੱਡਾ ਇਕੱਠ, ਭੰਡਾਰੀ ਪੁਲ ਨੂੰ ਕਰ ਦਿੱਤਾ ਜਾਮ

Global Team
2 Min Read

ਅੰਮ੍ਰਿਤਸਰ:  ਵਾਲਮੀਕਿ ਭਾਈਚਾਰੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ। ਇੱਥੇ ਭਾਈਚਾਰੇ ਦੇ ਲੋਕਾਂ ਨੇ ਭੰਡਾਰੀ ਪੁਲ ਨੂੰ ਜਾਮ ਲਗਾ ਦਿੱਤਾ। ਜਿਸ ਤਹਿਤ ਵੱਡੀ ਗਿਣਤੀ ਵਿੱਚ ਵਾਲਮੀਕਿ ਭਾਈਚਾਰੇ ਦੇ ਲੋਕ ਪਹੁੰਚੇ ਜਿਹਨਾਂ ਨੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। 

ਵਾਲਮੀਕਿ ਸਮਾਜ ਨੇ ਆਪਣੇ ਪਵਿੱਤਰ ਤੀਰਥ ਸਥਾਨ ‘ਤੇ ਅਣਉਚਿਤ ਗਤੀਵਿਧੀਆਂ ਕੀਤੇ ਜਾਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਸਮਾਜ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਤੀਰਥ ਸਥਾਨ ‘ਤੇ ਬੇਅਦਬੀ ਕੀਤੀ ਗਈ ਹੈ।

ਇਲਜ਼ਾਮ ਹੈ ਕਿ ਕਿਰਪਾਨਾਂ ਨਾਲ ਲੈਸ ਵਿਅਕਤੀਆਂ ਨੇ ਤੀਰਥ ਸਥਾਨ ਵਿੱਚ ਦਾਖਲ ਹੋ ਕੇ ਪਵਿੱਤਰ ਸਥਾਨ ਦੀ ਅਵਮਾਨਨਾ ਕੀਤੀ। ਨਾਲ ਹੀ, ਪਾਲਕੀ ਸਾਹਿਬ ਨੂੰ ਤੋੜ ਕੇ ਉਸ ਦਾ ਅਪਮਾਨ ਕੀਤਾ ਗਿਆ।

ਇਸ ਘਟਨਾ ਦੇ ਵਿਰੋਧ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵਾਲਮੀਕਿ ਸਮਾਜ ਦੇ ਲੋਕਾਂ ਨੇ ਟਰੈਫਿਕ ਨੂੰ ਰੋਕ ਦਿੱਤਾ। ਲੋਕ ਭੰਡਾਰੀ ਪੁਲ ਦੇ ਨੇੜੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪੁਲੀਸ ਨੇ ਭੰਡਾਰੀ ਪੁਲ ਦੇ ਦੋਵੇਂ ਪਾਸਿਆਂ ਤੋਂ ਆਵਾਜਾਈ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।

ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੁਲੀਸ ਵੱਲੋਂ ਮਾਮਲੇ ਨੂੰ ਕਾਬੂ ਵਿੱਚ ਰੱਖਣ ਲਈ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਸ਼ਹਿਰ ਦੇ ਕੋਨੇ ਕੋਨੇ ਤੋਂ ਵਾਲਮੀਕਿ ਭਾਈਚਾਰੇ ਦੇ ਲੋਕ ਭੰਡਾਰੀ ਪੁਲ ‘ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਜਿਸ ਤੋਂ ਬਾਅਦ ਇੱਕ ਵੱਡਾ ਇਕੱਠ ਹੋ ਗਿਆ। ਇੱਥੋਂ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। 

ਵਾਲਮੀਕਿ ਸੰਗਠਨਾਂ ਦੇ ਲੀਡਰਾਂ ਨੇ ਕਿਹਾ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਦੇ ਪਵਿੱਤਰ ਤੀਰਥ ਮੰਦਰ ’ਤੇ ਲਾਲ ਝੰਡਾ ਲਹਿਰਾਉਣ ਦੀ ਘਟਨਾ ਨਾਲ ਸਮੁੱਚੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਨੂੰ ਕਿ ਵਾਲਮੀਕਿ ਸਮਾਜ ਵੱਲੋਂ ਇਸ ਨੂੰ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਹੈ। ਇਸ ਕਾਰਨ ਕਰਕੇ ਉਨ੍ਹਾਂ ਨੇ ਭੰਡਾਰੀ ਪੁਲ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਪ੍ਰਸ਼ਾਸਨ ਅਤੇ ਹੋਰ ਸਬੰਧਤ ਧਿਰਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣ ਸਕਣ ਅਤੇ ਢੁਕਵੀਂ ਕਾਰਵਾਈ ਕਰ ਸਕਣ।

Share This Article
Leave a Comment