ਪੰਜਾਬ ਨੂੰ ਮੁਫ਼ਤ ਸਹੂਲਤਾਂ ਨਹੀ ਬਲਕਿ ਸਸਤੀਆਂ ਸੇਵਾਵਾਂ ਦੀ ਲੋੜ: ਪਰਮਿੰਦਰ ਸਿੰਘ ਢੀਂਡਸਾ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਤੋਂ ਵਧ ਕੇ ਸੂਬੇ ਦੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਧੜਾਧੜ ਕੀਤੇ ਜਾ ਰਹੇ ਐਲਾਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਤੋਂ ਬਾਅਦ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾ ਸ਼ਸ਼ਕਤੀਕਰਣ ਦੇ ਨਾਂਅ `ਤੇ ਸਿਆਸੀ ਲਾਹਾ ਲੈਣ ਲਈ ਸੂਬੇ ਦੀਆਂ ਘਰੇਲੂ ਔਰਤਾਂ ਅਤੇ ਲੜਕੀਆਂ ਲਈ ਕੀਤੇ ਗਏ ਐਲਾਨਾਂ ਨੂੰ ਮਹਿਜ਼ ਚੋਣ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਿਖਾਰੀ ਨਹੀ ਬਲਕਿ ਮਿਹਨਤਕਸ਼ ਹਨ। ਸਰਕਾਰ ਨੂੰ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਸਾਧਨ ਪੈਦਾ ਕਰਕੇ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਸੂਬੇ ਨੂੰ ਮੁਫ਼ਤ ਸਹੂਲਤਾਂ ਦੀ ਬਜਾਏ ਸਸਤੀ ਦਰਾਂ `ਤੇ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਸਹੀ ਮਾਇਨਿਆਂ ਵਿੱਚ ਵਿਕਾਸ ਦੇ ਰਾਹ ਤੁਰ ਸਕੇ। ਸਿਆਸੀ ਪਾਰਟੀਆਂ ਨੂੰ ਝੁਠੇ ਕਰਾਰਾਂ ਦੀ ਥਾਂ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ।

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਰਥਚਾਰੇ ਨੂੰ ਸੁਧਾਰਨ ਅਤੇ ਪੰਜਾਬ ਵਾਸੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਅੱਜ ਬਿਹਤਰ ਰਣਨੀਤੀ ਉਲੀਕਣ ਦੀ ਬੇਹੱਦ ਲੋੜ ਹੈ ਜਦਕਿ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਤੋਂ ਵਧ ਕੇ ਦਿੱਤੇ ਜਾ ਰਹੇ ਅਜਿਹੇ ਐਲਾਨ ਸੂਬੇ ਦੇ ਆਰਥਿਕ ਹਾਲਤ ਹੋਰ ਖ਼ਰਾਬ ਕਰਨ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਰਤਮਾਨ ਆਰਿਥਕ ਸਥਿਤੀ ਇਹ ਹੈ ਕਿ ਸੂਬੇ ਕੋਲੇ ਸਾਧਨ ਬਹੁਤ ਹੀ ਸੀਮਤ ਹਨ ਅਤੇ ਕੇਵਲ ਸਿਆਸੀ ਲਾਹਾ ਲੈਣ ਲਈ ਕੀਤੇ ਗਏ ਅਜਿਹੇ ਲੋਕ ਲੁਭਾਉ ਐਲਾਨਾਂ ਨੂੰ ਅਮਲ ਵਿੱਚ ਨਹੀ ਲਿਆਇਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਧੌਖੇ ਵਿੱਚ ਆਉਣ ਦੀ ਬਜਾਏ ਪੰਜਾਬ ਨੂੰ ਆਤਮ ਨਿਰਭਰ ਬਣਾਉਣ ਵਾਲੀਆਂ ਯੋਜਨਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵੀ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੇ ਅਜਿਹੇ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਜਿਹੇ ਐਲਾਨ ਕੇਵਲ ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੀ ਮਦਦ ਕਰਨ ਲਈ ਹੀ ਕੀਤੇ ਜਾਣੇ ਚਾਹੀਦੇ ਹਨ।
ਸਾਬਕਾ ਵਿੱਤ ਮੰਤਰੀ ਨੇ ਇੱਕ ਵਾਰ ਫਿ਼ਰ ਹੇਠਲੇ ਪੱਧਰ `ਤੇ ਪਹੁੰਚੀ ਪੰਜਾਬ ਦੀ ਆਰਥਿਕ ਹਾਲਤ `ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਸੂਬੇ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੈ।ਜਿਸ ਵਿੱਚ ਅਰਥਚਾਰੇ ਵਿੱਚ ਗਿਰਾਵਟ, ਸੂਬੇ ਸਿਰ ਕਰਜ਼ੇ ਤੋਂ ਇਲਾਵਾ ਵਿੱਤੀ ਘਾਟਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ `ਤੇ ਪਹੁੰਚ ਗਿਆ ਹੈ। ਸ: ਢੀਂਡਸਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਧੜੱਲੇ ਨਾਲ ਲੋਕ- ਲੁਭਾਉ ਵਾਅਦੇ ਅਤੇ ਐਲਾਨ ਦਰ ਐਲਾਨ ਕਰ ਰਹੀਆਂ ਹਨ, ਜਿਸ ਦੇ ਨਤੀਜੇ ਕਾਫ਼ੀ ਭਿਆਨਕ ਹੋ ਸਕਦੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਇਸਦੀ ਵੱਡੀ ਕੀਮਤ ਵੀ ਚੁੱਕਾਣੀ ਪੈ ਸਕਦੀ ਹੈ।

 ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ 2017 ਵੇਲੇ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਸਭ ਅਧੁਰੇ ਪਏ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਆਏ ਦਿਨ ਲੋਕ ਲੁਭਾਉ ਐਲਾਨ ਅਤੇ ਬਿਆਨਬਾਜ਼ੀ ਕਰਕੇ ਲੋਕਾਂ ਦਾ ਢਿੱਡ ਭਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

Share this Article
Leave a comment