ਚੰਡੀਗੜ੍ਹ: ਤਰਨਤਾਰਨ ਜ਼ਿਲੇ ਦੇ ਥਾਣਾ ਸਦਰ ਪੱਟੀ ਦੇ ਪਿੰਡ ਸਭਰਾ ‘ਚ ਐਤਵਾਰ ਦੁਪਹਿਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਅਚਾਨਕ ਛੱਤ ਡਿੱਗ ਗਈ।ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ ‘ਤੇ ਟੈਂਟ ਲਾਇਆ ਹੋਇਆ ਸੀ ਅਤੇ ਉਥੇ ਲੋਕ ਬੈਠੇ ਸਨ। ਪਰ ਛੱਤ ਕਾਫੀ ਪੁਰਾਣੀ ਹੋਣ ਕਾਰਨ ਇਹ ਅਚਾਨਕ ਡਿੱਗ ਗਈ। ਜਿਸ ਕਾਰਨ ਛੱਤ ‘ਤੇ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਹਰੀਕੇ ਪੱਤਣ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।
ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਮਲਬੇ ਹੇਠੋਂ ਕੱਢ ਕੇ ਪੱਟੀ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਲਵਲੀ ਦਾ ਘਰ ਉਨ੍ਹਾਂ ਦੇ ਪਿੰਡ ਵਿੱਚ ਹੈ। ਉਨ੍ਹਾਂ ਦੇ ਘਰ ਦੇ ਨਾਲ ਹੀ ਆਟੇ ਦੀ ਚੱਕੀ ਹੈ। ਹਰਭਜਨ ਸਿੰਘ ਲਵਲੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਘਰ ਵਿੱਚ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ।
ਹਰਭਜਨ ਸਿੰਘ ਲਵਲੀ ਦੇ ਐਤਵਾਰ ਨੂੰ ਭੋਗ ਮੌਕੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਪੁੱਜੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਆਏ ਹੋਏ ਮਹਿਮਾਨਾਂ ਨੂੰ ਚਾਹ-ਪਾਣੀ ਵਰਤਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਕਮਰੇ ਦੀ ਛੱਤ ਜਿਸ ‘ਤੇ ਮਹਿਮਾਨ ਬੈਠੇ ਹੋਏ ਸਨ ਅਤੇ ਚਾਹ-ਪਾਣੀ ਪੀਣ ਦੀ ਉਡੀਕ ਕਰ ਰਹੇ ਸਨ, ਦੀ ਛੱਤ ਡਿੱਗ ਗਈ। ਲੱਕੜ ਦੀ ਢੇਰੀ ਦੀ ਛੱਤ ਡਿੱਗਣ ਕਾਰਨ ਗੁਰਪ੍ਰੀਤ ਸਿੰਘ (ਵਾਸੀ ਹਰੀਕੇ ਪੱਤਣ) ਨਾਮਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 15 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਸਰਪੰਚ ਨੇ ਲਾਊਡ ਸਪੀਕਰ ਦੀ ਮਦਦ ਨਾਲ ਹੋਰਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ।
ਡੀਐਸਪੀ ਕਮਲਪ੍ਰੀਤ ਸਿੰਘ ਮੰਡ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਪੱਟੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀਆਂ ਵਿਚ ਔਰਤਾਂ ਅਤੇ ਛੋਟੇ ਬੱਚੇ ਵੀ ਸ਼ਾਮਿਲ ਹਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਜ਼ਖਮੀਆਂ ਦੇ ਇਲਾਜ ਲਈ ਪ੍ਰਬੰਧ ਕਰੇਗੀ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ