ਵਾਸ਼ਿੰਗਟਨ : – ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੋਈ ਵੀ ਖੁਫੀਆ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਬਾਇਡਨ ਨੇ ਕਿਹਾ ਟਰੰਪ ਦਾ ਵਿਵਹਾਰ ਪ੍ਰੇਸ਼ਾਨ ਕਰਨ ਵਾਲਾ ਹੈ, ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਦਰਅਸਲ, ਅਮਰੀਕਾ ‘ਚ ਇਹ ਰਵਾਇਤ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਉੰਨੀ ਹੀ ਖੁਫੀਆ ਜਾਣਕਾਰੀ ਦਿੱਤੀ ਜਾਂਦੀ ਹੈ ਜਿੰਨੀ ਮੌਜੂਦਾ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ ਇੱਕ ਇੰਟਰਵਿਊ ‘ਚ, ਬਾਇਡਨ ਨੇ ਟਰੰਪ ‘ਤੇ ਟਿੱਪਣੀ ਕੀਤੀ ਹੈ। ਬਾਇਡਨ ਨੇ ਕਿਹਾ ਇਹ ਸੱਚ ਹੈ ਕਿ ਸਾਡੇ ਸਾਬਕਾ ਰਾਸ਼ਟਰਪਤੀ ਨੂੰ ਖੁਫੀਆ ਜਾਣਕਾਰੀ ਦੇਣ ਦੀ ਰਵਾਇਤ ਹੈ, ਪਰ ਇਸ ਵਾਰ ਅਜਿਹਾ ਨਹੀਂ ਕੀਤਾ ਜਾਵੇਗਾ। ਨਾਲ ਹੀ ਬਾਈਡਨ ਨੇ ਕਿਹਾ ਮੈਨੂੰ ਨਹੀਂ ਲਗਦਾ ਕਿ ਟਰੰਪ ਨੂੰ ਹੁਣ ਜਾਣਕਾਰੀ ਪ੍ਰਾਪਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦਾ ਫਾਇਦਾ ਕੀ ਹੋਵੇਗਾ? ਉਹ ਕੀ ਕਰਨਗੇ? ਉਨ੍ਹਾਂ ਦੀ ਜ਼ੁਬਾਨ ਫਿਸਲ ਸਕਦੀ ਹੈ ਤੇ ਉਹ ਕੁਝ ਵੀ ਬੋਲ ਸਕਦੇ ਹਨ।
ਦੱਸ ਦਈਏ ਟਰੰਪ ਨੇ ਖ਼ੁਦ ਅਜੇ ਤੱਕ ਕਿਸੇ ਖੁਫੀਆ ਜਾਣਕਾਰੀ ਲਈ ਬੇਨਤੀ ਨਹੀਂ ਕੀਤੀ ਹੈ। ਜਦੋਂ ਟਰੰਪ ਵ੍ਹਾਈਟ ਹਾਊਸ ‘ਚ ਸਨ, ਉਦੋਂ ਵੀ ਟਰੰਪ ਰੋਜ਼ ਖੁਫੀਆ ਜਾਣਕਾਰੀ ਨਹੀਂ ਦੇਖਦੇ ਸਨ, ਉਹ ਇਨ੍ਹਾਂ ਰਿਪੋਰਟਾਂ ਨੂੰ ਹਫ਼ਤੇ ‘ਚ ਸਿਰਫ ਦੋ ਜਾਂ ਤਿੰਨ ਵਾਰ ਵੇਖਦੇ ਸਨ।