ਟਰੰਪ ਪ੍ਰਸ਼ਾਸਨ ਦੌਰਾਨ ਐੱਚ-1ਬੀ ਵਰਗੇ ਵਰਕ ਵੀਜ਼ੇ ‘ਤੇ ਲਏ ਗਏ ਪ੍ਰਤੀਕੂਲ ਫ਼ੈਸਲਿਆਂ ‘ਤੇ ਮੁੜ ਵਿਚਾਰ ਕਰੇਗਾ ਬਾਇਡਨ ਪ੍ਰਸ਼ਾਸਨ

TeamGlobalPunjab
2 Min Read

ਵਾਸ਼ਿੰਗਟਨ: -ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੌਰਾਨ ਐੱਚ-1ਬੀ ਵਰਗੇ ਵਰਕ ਵੀਜ਼ੇ ‘ਤੇ ਲਏ ਗਏ ਪ੍ਰਤੀਕੂਲ ਫ਼ੈਸਲਿਆਂ ‘ਤੇ ਮੁੜ ਵਿਚਾਰ ਕਰੇਗਾ। ਹਾਲਾਂਕਿ ਇਸ ਤਰ੍ਹਾਂ ਦੇ ਵੀਜ਼ੇ ਨਾਲ ਜੁੜੇ ਟਰੰਪ ਦੇ ਤਿੰਨ ਨੀਤੀਗਤ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਬਾਇਡਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਮਿਲੇਗੀ। ਐੱਚ-1ਬੀ ਵੀਜ਼ਾ ਭਾਰਤੀਆਂ ‘ਚ ਕਾਫ਼ੀ ਲੋਕਪ੍ਰਿਆ ਹੈ।

ਬਾਇਡਨ ਪ੍ਰਸ਼ਾਸਨ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਤਿੰਨ ਨੀਤੀਗਤ ਫ਼ੈਸਲਿਆਂ ਨਾਲ ਵਿਦੇਸ਼ੀ ਕਾਮਿਆਂ ਦੇ ਵੀਜ਼ੇ ਜਿਵੇਂ ਐੱਚ-1ਬੀ ‘ਤੇ ਪ੍ਰਤੀਕੂਲ ਫ਼ੈਸਲਿਆਂ ਜਾਂ ਇਤਰਾਜ਼ਾਂ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ। ਇਸ ਨੀਤੀਗਤ ਫ਼ੈਸਲਿਆਂ ਨੂੰ ਵਾਪਸ ਲੈ ਲਿਆ ਗਿਆ ਹੈ। ਇਨ੍ਹਾਂ ਫ਼ੈਸਲਿਆਂ ਕਾਰਨ ਐੱਚ-1ਬੀ ਸਣੇ ਵਰਕ ਵੀਜ਼ੇ ‘ਤੇ ਵਿਦੇਸ਼ੀ ਕਾਮਿਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ਦੀ ਪਟੀਸ਼ਨ ਫਾਰਮ ਆਈ-129 ਦੁਬਾਰਾ ਖੁੱਲ੍ਹ ਸਕਦੀ ਹੈ ਜਾਂ ਪ੍ਰਤੀਕੂਲ ਫ਼ੈਸਲਿਆਂ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।

ਦੱਸ ਦਈਏ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਣੇ ਸਾਰੇ ਵਰਕ ਵੀਜ਼ਾ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਇਸ ਕਾਰਨ ਵਿਦੇਸ਼ੀ ਕਾਮਿਆਂ ਖ਼ਾਸ ਤੌਰ ‘ਤੇ ਭਾਰਤੀ ਪੇਸ਼ੇਵਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਸੁਰੱਖਿਆ ਦੇ ਨਾਂ ‘ਤੇ ਵੀਜ਼ੇ ‘ਤੇ ਸਖ਼ਤੀ ਵਧਾ ਦਿੱਤੀ ਸੀ।

Share this Article
Leave a comment