ਫੌਜ ਦੀ ਵਾਪਸੀ ‘ਤੇ ਬਾਇਡਨ ਨੂੰ ਆਈ ਆਪਣੇ ਪੁੱਤਰ ਦੀ ਯਾਦ, ਇਸ ਕਾਰਨ ਅਫਗਾਨਿਸਤਾਨ ‘ਚ ਜੰਗ ਕੀਤੀ ਖਤਮ

TeamGlobalPunjab
2 Min Read

ਵਾਸ਼ਿੰਗਟਨ : ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਅਫਗਾਨਿਸਤਾਨ ਮਿਸ਼ਨ ਨੂੰ ਸਫਲ ਕਰਾਰ ਦਿੱਤਾ। ਇਸ ਦੇ ਨਾਲ ਹੀ ਬਾਇਡਨ ਨੇ ਕਿਹਾ ਕਿ ਅਮਰੀਕਾ ਦੇ ਕੋਲ ਕਾਬੁਲ ਛੱਡਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਥੇ ਲੱਖਾਂ-ਕਰੋੜਾਂ ਡਾਲਰ ਖ਼ਰਚ ਕੀਤੇ ਗਏ ਅਤੇ ਇਹ ਮੁਹਿੰਮ ਬੇਹੱਦ ਮਹਿੰਗੀ ਸਾਬਤ ਹੋ ਰਹੀ ਸੀ।

ਜੋਅ ਬਾਇਡਨ ਨੇ ਕਿਹਾ ਕਿ ਸ਼ਾਇਦ ਮੈਂ ਆਪਣੇ ਸਵਰਗਵਾਸੀ ਪੁੱਤਰ ਬਿਊ ਬਾਇਡਨ ਲਈ ਵੀ ਅਫਗਾਨਿਸਤਾਨ ਵਿੱਚ ਜੰਗ ਖਤਮ ਕਰਨ ਦਾ ਫੈਸਲਾ ਲਿਆ ਹੈ। ਬਾਇਡਨ ਨੇ ਆਪਣੇ ਪੁੱਤਰ ਬਿਊ ਬਾਇਡਨ ਨੂੰ ਯਾਦ ਕਰਦਿਆਂ ਕਿਹਾ, ਉਨ੍ਹਾਂ ਨੇ ਪੂਰੇ ਇੱਕ ਸਾਲ ਇਰਾਕ ਵਿੱਚ ਸੇਵਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਜੰਗ ਨੂੰ ਰੋਕਣ ਲਈ ਵਚਨਬੱਧ ਹਨ। ਦੱਸ ਦਈਏ ਕਿ 2015 ਵਿੱਚ ਬਰੇਨ ਕੈਂਸਰ ਦੀ ਕਾਰਨ 46 ਸਾਲ ਦੀ ਉਮਰ ਵਿੱਚ ਬਿਊ ਬਾਇਡਨ ਦਾ ਦੇਹਾਂਤ ਹੋ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿੱਚ 100 ਤੋਂ 200 ਅਮਰੀਕੀਆਂ ਦੇ ਬਚਣ ਦਾ ਅਨੁਮਾਨ ਹੈ। ਇਨ੍ਹਾਂ ‘ਚੋਂ ਜਿਹੜੇ ਲੋਕ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੋਂ ਆਉਣ ਦੇ ਚਾਹਵਾਨ 90 ਫ਼ੀਸਦੀ ਅਮਰੀਕੀ ਨਾਗਰਿਕਾਂ ਨੂੰ ਕੱਢ ਦਿੱਤਾ ਗਿਆ ਹੈ ਤੇ ਜਿਹੜੇ ਬਚੇ ਹਨ ਉਨ੍ਹਾਂ ਨੂੰ ਵੀ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਦੀ ਸਮਾਂ ਸੀਮਾ ਫ਼ੌਜਾਂ ਨੂੰ ਵਾਪਸ ਬੁਲਾਉਣ ਦੀ ਸੀ। ਬਾਈਡਨ ਨੇ ਕਿਹਾ ਕਿ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਜੋ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ।

Share this Article
Leave a comment