ਇਸਤਰੀ ਅਕਾਲੀ ਦਲ ਬਾਦਲ ਦੀ ਆਗੂ ਨਸ਼ਾ ਤਸਕਰੀ ਦੇ ਮਾਮਲੇ `ਚ ਫੜੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦੇਣ ਅਸਤੀਫ਼ਾ : ਬੀਬੀ ਪਰਮਜੀਤ ਕੌਰ ਗੁਲਸ਼ਨ

TeamGlobalPunjab
4 Min Read

ਚੰਡੀਗੜ੍ਹ: ਐਸਟੀਐਫ਼ ਵੱਲੋਂ ਤਰਨਤਾਰਨ ਦੇ ਨਜਦੀਕ ਪਿੰਡ ਚੰਬਲ ਵਿਖੇ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਨੂੰ ਉਸਦੇ ਘਰ ਤੋਂ ਮਿਲੀ ਇੱਕ ਕਿਲੋ ਤੋਂ ਵੱਧ ਹੈਰੋਇਨ ਸਣੇ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਅਕਾਲੀ ਦਲ ਬਾਦਲ ਨੂੰ ਆੜੇ ਹੱਥ ਲੈਂਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨੀ ਵੱਡੀ ਮਾਤਰਾ ਵਿੱਚ ਮਿਲੀ ਨਸ਼ੇ ਦੀ ਖੇਪ ਨਾਲ ਇੱਕ ਵਾਰ ਫਿ਼ਰ ਅਕਾਲੀ ਦਲ ਬਾਦਲ ਦਾ ਪੰਜਾਬ ਵਿੱਚ ਨਸਿ਼ਆਂ ਦੀ ਤਸਕਰੀ ਨਾਲ ਜੁੜੇ ਹੋਣ ਦਾ ਸੱਚ ਸਭਦੇ ਸਾਹਮਣੇ ਆ ਗਿਆ ਹੈ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀ ਹੈ ਜਦੋਂ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਨਾਮ ਨਸ਼ਾ ਤਸਕਰੀ ਵਰਗੇ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ, ਇਸਤੋ ਪਹਿਲਾਂ ਵੀ ਕਈਂ ਵਾਰ ਅਕਾਲੀ ਦਲ ਬਾਦਲ ਦੇ ਆਗੂਆਂ `ਤੇ ਨਸ਼ਾ ਤਸਕਰੀ ਦੇ ਦੋਸ਼ ਲੱਗਦੇ ਰਹੇ ਹਨ। ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਜਨਰਲ ਸਕੱਤਰ ਦਾ ਨਾਮ ਨਸ਼ਾ ਤਸਰਕੀ ਵਰਗੇ ਗੰਭੀਰ ਅਪਰਾਧਿਕ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬੀਬੀ ਗੁਲਸ਼ਨ ਨੇ ਕਿਹਾ ਕਿ ਇਸਤਰੀ ਅਕਾਲੀ ਦੇ ਆਗੂ ਜਸਵਿੰਦਰ ਕੌਰ ਦਾ ਨਸ਼ੀਲੇ ਪਦਾਰਥਾਂ ਸਣੇ ਫੜੇ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਹੁਣ ਇਸਤਰੀ ਅਕਾਲੀ ਦਲ ਬਦਲ ਪੂਰੀ ਤਰਾਂ ਗੰਧਲਾ ਹੋ ਚੁੱਕਾ ਹੈ ਅਤੇ ਇਸ ਵਿੰਗ ਨੂੰ ਕਿਚੜ ਅਕਾਲੀ ਦਲ ਕਹਿ ਦੇਣ ਵਿੱਚ ਵੀ ਕੋਈ ਗੁਰੇਜ਼ ਨਹੀ ਹੈ। ਬੀਬੀ ਗੁਲਸ਼ਨ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਇਸਤਰੀ ਅਕਾਲੀ ਦਲ ਬਾਦਲ ਨਾਲ ਜੁੜੀਆਂ ਮਹਿਲਾਵਾਂ ਨੂੰ ਵੀ ਇਸ ਕਿਚੜ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ।

ਇਸ ਸਬੰਧ ਵਿੱਚ ਬੋਲਦਿਆਂ ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਅਕਾਲੀ ਦਲ ਬਾਦਲ ਦਾ ਹੱਥ ਨਸ਼ਾ ਤਸਕਰਾਂ ਦੇ ਨਾਲ ਹੈ ਇਹ ਗੱਲ ਪਹਿਲਾਂ ਹੀ ਜੱਗ ਜਾਹਿਰ ਹੈ, ਪਰ ਇਕ ਔਰਤ ਦਾ ਨਾਮ ਅਜਿਹੇ ਅਪਰਾਧ ਵਿੱਚ ਸਾਹਮਣੇ ਆਉਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾ ਕਿਹਾ ਕਿ ਜਸਵਿੰਦਰ ਕੌਰ ਵਰਗੀਆਂ ਔਰਤਾਂ ਤਾਂ ਕੇਵਲ ਇਕ ਮੋਹਰਾ ਹਨ ਜਦਕਿ ਇਸਦੇ ਪਿੱਛੇ ਵੱਡੇ ਅਸਰ-ਰਸੂਖ ਵਾਲੇ ਚਿਹਰੇ ਲੁੱਕੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਉਨ੍ਹਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਕੈਪਟਨ ਸਰਕਾਰ ਵੀ ਬਾਦਲਾਂ ਦੀ ਰਾਹ ਤੇ ਚੱਲ ਰਹੀ ਹੈ ਅਤੇ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਧੜਲੇ ਨਾਲ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਵਰਗੀਆਂ ਸਮਾਜ ਵਿਰੋਧੀ ਪਾਰਟੀਆਂ ਕਾਰਨ ਅੱਜ ਨੌਜਵਾਨ ਪੀੜੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੂਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਬੀਬੀ ਹਰਜੀਤ ਕੌਰ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਬਾਦਲ ਅਤੇ ਹੁਣ ਕਾਂਗਰਸ ਦੇ ਰਾਜ ਵਿੱਚ ਵੀ ਭ੍ਰਿਸ਼ਟ ਰਾਜਨੀਤਕ ਲੀਡਰ ਅਤੇ ਪੁੁਲਿਸ ਦੇ ਖੁਫੀਆ ਮਹਿਕਮੇ ਦੇ ਭ੍ਰਿਸ਼ਟ ਅਧਿਕਾਰੀਆਂ ਤਕ ਸਭ ਭਾਈਵਾਲ ਹਨ। ਉਨ੍ਹਾ ਕਿਹਾ ਕਿ ਅਸਲ ਵਿੱਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜਰੂਰਤ ਹੈ, ਜਿਹੜੇ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ਾ ਲੈਕੇ ਉਨ੍ਹਾਂ ਦੇ ਬਕਸੇ ਵਿੱਚ ਵੋਟ ਪਾ ਸਕਣ।

Share this Article
Leave a comment