ਕਾਂਗਰਸ ਦੀ ਗੁੱਟਬੰਦੀ ਵਿਚਾਲੇ ਭੂਪੇਸ਼ ਬਘੇਲ ਦਾ ਪੰਜਾਬ ਦੌਰਾ; ਬੂਥ ਲੈਵਲ ਤੋਂ ਫ਼ੀਡਬੈਕ ਲੈ ਕੇ ਹਾਈਕਮਾਨ ਨੂੰ ਸੌਂਪਣਗੇ ਰਿਪੋਰਟ

Global Team
2 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਜਾਰੀ ਅੰਦਰੂਨੀ ਖਿੱਚੋਤਾਣ ਦੇ ਵਿਚਕਾਰ ਪਾਰਟੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਵੱਡਾ ਕਦਮ ਚੁੱਕਿਆ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਅੱਜ ਤੋਂ ਨੌਂ ਦਿਨਾਂ ਦੇ ਦੌਰੇ ‘ਤੇ ਪੰਜਾਬ ਪਹੁੰਚੇ ਹਨ। ਉਹ ਬੂਥ ਲੈਵਲ ਤੋਂ ਫ਼ੀਡਬੈਕ ਲੈ ਕੇ ਜ਼ਮੀਨੀ ਹਕੀਕਤ ਜਾਣਨਗੇ ਕਿ ਵਰਕਰਾਂ ਅਤੇ ਜਨਤਾ ਵਿਚਾਲੇ ਚੰਨੀ ਜਾਂ ਵੜਿੰਗ ਵਿੱਚੋਂ ਕੌਣ ਜ਼ਿਆਦਾ ਮਜ਼ਬੂਤ ਹੈ ਅਤੇ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ।ਇਸ ਦੀ ਸ਼ੁਰੂਆਤ ਬਘੇਲ ਨੇ ਫ਼ਤੇਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਕਰ ਦਿੱਤੀ ਹੈ।

ਦੱਸ ਦਈਏ ਕਿ ਭੂਪੇਸ਼ ਬਘੇਲ 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨਾਲ ਬੈਠਕਾਂ ਕਰਨਗੇ। ਹਾਲਾਂਕਿ, ਇਸ ਦੌਰੇ ਤੋਂ ਪਹਿਲਾਂ ਹੀ ਪਾਰਟੀ ਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਗੁੱਟਬੰਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਰਅਸਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਲੰਮੇ ਸਮੇਂ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕਦਿਆਂ ਬਦਲਾਅ ਦੀ ਮੰਗ ਕਰ ਰਹੇ ਹਨ। ਇਸ ਮੁੱਦੇ ‘ਤੇ ਕਾਂਗਰਸ ਹਾਈਕਮਾਨ ਨੇ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਹੈ। ਅਜਿਹੇ ਵਿੱਚ ਭੂਪੇਸ਼ ਬਘੇਲ ਦਾ ਇਹ ਦੌਰਾ ਕੇਵਲ ਸੰਗਠਨਾਤਮਕ ਬੈਠਕਾਂ ਤੱਕ ਸੀਮਤ ਨਹੀਂ ਮੰਨਿਆ ਜਾ ਰਿਹਾ, ਸਗੋਂ ਇਸ ਨੂੰ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਯਤਨ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਚੰਨੀ ਸਮਰਥਕ ਨੇਤਾ ਭੂਪੇਸ਼ ਬਘੇਲ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਣਗੇ। ਚੰਨੀ ਗੁੱਟ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਜਿਨ੍ਹਾਂ ਪ੍ਰੋਗਰਾਮਾਂ ਵਿੱਚ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਮੌਜੂਦ ਹੋਣਗੇ, ਉਹ ਉਨ੍ਹਾਂ ਦਾ ਬਾਈਕਾਟ ਕਰੇਗਾ।

ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ, ਚਾਹੇ ਪਾਰਟੀ ਮੇਰੀ ਟਿਕਟ ਵੀ ਕੱਟ ਦੇਵੇ। ਮੈਂ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਵਾਂਗਾ। ਰਾਜਾ ਵੜਿੰਗ ਨੇ ਕਿਹਾ, ਪਹਿਲਾਂ ਫ਼ੌਜੀ ਤੋਪ ਅਤੇ ਟੈਂਕ ਨਾਲ ਲੜਦਾ ਸੀ। ਹੁਣ ਡਰੋਨ ਦਾ ਜ਼ਮਾਨਾ ਆ ਗਿਆ ਹੈ। ਜੇਕਰ ਸਮੇਂ ਦੇ ਨਾਲ ਨਹੀਂ ਬਦਲਾਂਗੇ, ਤਾਂ ਧੋਖਾ ਖਾ ਜਾਵਾਂਗੇ।

Share This Article
Leave a Comment