ਵਾਸ਼ਿੰਗਟਨ :– ਅਮਰੀਕਾ ਦੇ ਇਕ ਭਾਰਤਵੰਸ਼ੀ ਜੋੜੇ ਨੇ ਬਿਹਾਰ ਤੇ ਝਾਰਖੰਡ ਦੇ ਪੇਂਡੂ ਖੇਤਰਾਂ ‘ਚ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਲਈ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਦਾਨ ਦਿੱਤਾ ਹੈ। ਇਹ ਜਾਣਕਾਰੀ ਬਿਹਾਰ-ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਦਿੱਤੀ ਹੈ।
ਦੱਸ ਦਈਏ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਰਮੇਸ਼ ਤੇ ਉਨ੍ਹਾਂ ਦੀ ਪਤਨੀ ਕਲਪਨਾ ਭਾਟੀਆ ਨੇ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਾਨ ਕੀਤੀ ਗਈ ਰਾਸ਼ੀ ਨੂੰ ਬਿਹਾਰ-ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਤੇ ਪਰਵਾਸੀ ਐਲੂਮਿਨੀ ਸੰਸਥਾ (ਪ੍ਰਰਾਨ) ਵੱਲੋਂ ਦੋਵਾਂ ਸੂਬਿਆਂ ਦੇ ਪੇਂਡੂ ਖੇਤਰਾਂ ‘ਚ ਚੱਲ ਰਹੀਆਂ ਯੋਜਨਾਵਾਂ ‘ਚ ਖ਼ਰਚ ਕੀਤਾ ਜਾਵੇਗਾ। ‘ਪ੍ਰਰਾਨ’ ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤਵੰਸ਼ੀ ਡਾਕਟਰਾਂ ਦੀ ਸੰਸਥਾ ਹੈ।