ਭਾਰਤ ਭੂਸ਼ਣ ਆਸ਼ੂ ਨੇ ਪੁਲਿਸ ਲਾਈਨਜ਼ ‘ਚ ਨਵੀਆਂ ਸੜਕਾਂ ਬਣਾਉਣ ਦਾ ਰੱਖਿਆ ਨੀਂਹ ਪੱਥਰ

TeamGlobalPunjab
3 Min Read

ਲੁਧਿਆਣਾ, 03 ਅਪ੍ਰੈਲ 2021 – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਇਲਾਕਾ ਕੌਂਸਲਰ ਸ੍ਰੀ ਸੰਨੀ ਭੱਲਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਜਿਕਰਯੋਗ ਹੈ ਕਿ 1.39 ਕਰੋੜ ਰੁਪਏ ਦੀ ਲਾਗਤ ਨਾਲ ਪੁਲਿਸ ਲਾਈਨ ਦੀਆਂ ਸਾਰੀਆਂ ਸੜਕਾਂ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ ਅਤੇ ਇਹਨਾਂ ਸੜਕਾਂ ਦੇ ਨਾਲ-ਨਾਲ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਹਮੇਸ਼ਾਂ ਸਖਤ ਮਿਹਨਤ ਕੀਤੀ ਹੈ ਅਤੇ ਪਿਛਲੇ ਸਾਲ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਅਤੇ ਭੋਜਨ ਦੇ ਪੈਕਟ ਵੰਡਣ ਲਈ ਵੀ ਮੁਹਰਲੀ ਕਤਾਰ ਵਿੱਚ ਡਟੇ ਰਹੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ, ਪੁਲਿਸ ਲਾਈਨਜ਼ ਲੁਧਿਆਣਾ ਵਿੱਚ ਰਹਿੰਦੇ ਹਨ ਜਿੱਥੇ ਸਾਰੀਆਂ ਸੜਕਾਂ ਦੇ ਪੁਨਰ-ਨਿਰਮਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਕਿ ਪੁਲਿਸ ਲਾਈਨਜ਼ ਲੁਧਿਆਣਾ ਵਿਚ ਸੜਕਾਂ ਦੇ ਕਿਨਾਰੇ ਪਾਣੀ ਖੜ੍ਹਾ ਨਾ ਹੋਵੇ, ਪਾਣੀ ਦੇ ਰੀਚਾਰਜ ਵਾਲੀਆਂ ਖੂਹੀਆਂ ਅਤੇ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।

ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕੈਬਨਿਟ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਨਗਰ ਨਿਗਮ ਲੁਧਿਆਣਾ ਨੂੰ ਸ਼ਹਿਰ ਵਿੱਚ 6 ਏਕੜ ਜ਼ਮੀਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦੇਣ ਤਾਂ ਜੋ ਉਥੇ ਇੱਕ ਨਵੀਂ ਪੁਲਿਸ ਲਾਈਨ ਵਿਕਸਤ ਕੀਤੀ ਜਾ ਸਕੇ।

ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਪੁਲਿਸ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਲੁਧਿਆਣਾ ਪੁਲਿਸ ਨੂੰ 6 ਏਕੜ }ਮੀਨ ਨਗਰ ਨਿਗਮ ਲੁਧਿਆਣਾ ਮੁਹੱਈਆਂ ਕਰਵਾਏਗਾ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਵਿੱਚ ਨਵੀਂ ਪੁਲਿਸ ਲਾਈਨ ਵਿਕਸਤ ਕਰਨ ਲਈ ਢੁੱਕਵੀਂ ਜ਼ਮੀਨ ਲੱਭਣ ਲਈ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ।

ਨਗਰ ਨਿਗਮ ਕੌਂਸਲਰ ਸ੍ਰੀ ਸੰਨੀ ਭੱਲਾ ਨੇ ਭਰੋਸਾ ਦਿਵਾਇਆ ਕਿ ਪੁਲਿਸ ਲਾਈਨ ਵਿੱਚ ਉੱਚ ਗੁਣਵੱਤਾ ਦਾ ਕੰਮ ਕੀਤਾ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਨਿਰਮਾਣ ਕਾਰਜਾਂ ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ।

ਰਾਕੇਸ਼ ਅਗਰਵਾਲ ਵੱਲੋਂ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਜੋ ਪੁਲਿਸ ਫੋਰਸ ਨੂੰ ਹਮੇਸ਼ਾਂ ਪੂਰਾ ਸਮਰਥਨ ਪ੍ਰਦਾਨ ਕਰਦੇ ਹਨ।

Share This Article
Leave a Comment