ਕਿਸਾਨਾਂ ਦੇ ਲਾਈਵ ਪ੍ਰੋਗਰਾਮ ਵਿੱਚ ਮਾਹਿਰਾਂ ਨੇ ਸਵਾਲਾਂ ਦੇ ਜਵਾਬ ਦਿੱਤੇ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਲਾਈਵ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤੀ ਵਿਸ਼ਿਆਂ ਉਪਰ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਭ ਤੋਂ ਪਹਿਲਾਂ ਪਲਾਂਟ ਬਰੀਡਿੰਗ ਅਤੇ ਜੈਨੈਟਿਕਸ ਵਿਭਾਗ ਵਿੱਚ ਦਾਲਾਂ ਸੈਕਸ਼ਨ ਦੇ ਸੀਨੀਅਰ ਵਿਗਿਆਨੀ ਡਾ. ਗੁਰਇਕਬਾਲ ਸਿੰਘ ਨੇ ਦਾਲਾਂ ਦੀ ਕੀ ਮਹੱਤਤਾ ਹੈ ਅਤੇ ਛੋਲਿਆਂ ਦਾ ਵਧੇਰੇ ਝਾੜ ਲੈਣ ਲਈ ਕੀ ਜ਼ਰੂਰੀ ਨੁਕਤੇ ਅਪਨਾਉਣੇ ਚਾਹੀਦੇ ਹਨ ਵਿਸ਼ੇ ਤੇ ਗੱਲਬਾਤ ਕੀਤੀ । ਉਹਨਾਂ ਦੱਸਿਆ ਕਿ ਛੋਲਿਆਂ ਦੀ ਫਸਲ ਨੂੰ ਪਾਣੀ ਤੋਂ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਛੋਲਿਆਂ ਤੇ ਖੁਰਾਕੀ ਤੱਤਾਂ ਦੀ ਸਪਰੇਅ ਅਤੇ ਗਰਮ ਰੁੱਤ ਵਿੱਚ ਬੀਜੀਆਂ ਜਾ ਸਕਣ ਵਾਲੀਆਂ ਦਾਲਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਇਹਨਾਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਅਤੇ ਢੰਗ ਤੋਂ ਇਲਾਵਾ ਦਾਲਾਂ ਦੀ ਕਾਸ਼ਤ ਲਈ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ।
ਸਹਾਇਕ ਵਿਗਿਆਨੀ ਪੌਦਾ ਰੋਗ ਹਸਪਤਾਲ ਡਾ. ਅਮਰਿੰਦਰ ਕੌਰ ਨੇ ਕਿੰਨੂ ਜਾਤੀ ਦੀਆਂ ਫ਼ਸਲਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਕਿੰਨੂ ਦੇ ਪੈਰ ਗਲਣ ਦੇ ਰੋਗ ਨੂੰ ਗੁੰਦੀਆ ਰੋਗ ਕਿਉਂ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਫਰੂਟ ਡਰੋਪ/ਫਲਾਂ ਦੇ ਕੇਰੇ ਦੇ ਮੁੱਖ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਰੋਗ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਹੱਲ ਬਾਰੇ ਵੀ ਗੱਲ ਕੀਤੀ । ਪੰਜਾਬੀ ਸੰਪਾਦਕ ਡਾ. ਜਗਵਿੰਦਰ ਸਿੰਘ ਨੇ ਲੋਹੜੀ ਸੰਬੰਧੀ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਲੋਹੜੀ ਦਾ ਇਤਿਹਾਸਕ ਮਹੱਤਵ ਕੀ ਹੈ ਅਤੇ ਬਦਲਦੇ ਪ੍ਰਸੰਗਾਂ ਅਨੁਸਾਰ ਲੋਹੜੀ ਮਨਾਉਣ ਦੇ ਕੀ ਤਰੀਕੇ ਹੋ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬੀ ਪ੍ਰਕਾਸ਼ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਇੰਦਰਪ੍ਰੀਤ ਕੌਰ ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਖੇਤੀ ਰੁਝੇਵੇਂ ਕਿਸਾਨਾਂ ਨਾਲ ਸਾਂਝੇ ਕੀਤੇ।

Share this Article
Leave a comment