ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਅਤੇ ਸਿਆਸੀ ਸਫ਼ਰ ’ਤੇ ਆਧਾਰਿਤ ਵਿਸ਼ੇਸ਼ ਡਾਕਿਊਮੈਂਟਰੀ ਫ਼ਿਲਮ ‘ਸਤੌਜ ਤੋਂ ਸੰਸਦ ਤੱਕ’ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਭਗਵੰਤ ਮਾਨ ਨੇ ਲੋਕਾਂ ਨੂੰ ਇਹ ਖ਼ਾਸ ਪ੍ਰੋਗਰਾਮ 30 ਅਗਸਤ, ਐਤਵਾਰ ਸ਼ਾਮ 7 ਵਜੇ ਡਿਸਕਵਰੀ ਚੈਨਲ ’ਤੇ ਦੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁਤਾਬਕ ਡਾਕਿਊਮੈਂਟਰੀ ਨੂੰ ਸੱਤ ਵੱਖ-ਵੱਖ ਭਾਸ਼ਾਵਾਂ ਵਿੱਚ ਤਿਆਰ ਕੀਤਾ ਗਿਆ ਹੈ।
‘ਸਤੌਜ ਤੋਂ ਸੰਸਦ’.. ਮੇਰੇ ਜੀਵਨ ‘ਤੇ ਆਧਾਰਿਤ ਇਹ ਖ਼ਾਸ ਸ਼ੋਅ 7 ਵੱਖ-ਵੱਖ ਭਾਸ਼ਾਵਾਂ ‘ਚ ਡਿਸਕਵਰੀ ਚੈਨਲ ‘ਤੇ ਜ਼ਰੂਰ ਦੇਖੋ..
30 ਅਗਸਤ (ਐਤਵਾਰ), ਸ਼ਾਮ 7 ਵਜੇ.. pic.twitter.com/QCCAHot9tN
— Bhagwant Mann (@BhagwantMann) August 20, 2026
ਸਤੌਜ ਤੋਂ ਸੰਸਦ ਤੱਕ ਦਾ ਸਫ਼ਰ
ਮੁੱਖ ਮੰਤਰੀ ਨੇ ਡਾਕਿਊਮੈਂਟਰੀ ਦੇ ਕੁਝ ਵੀਡੀਓ ਕਲਿੱਪ ਵੀ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚ ਉਨ੍ਹਾਂ ਦੇ ਪਿੰਡ ਸਤੌਜ ਤੋਂ ਲੈ ਕੇ ਸੰਸਦ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਇਹ ਖ਼ਾਸ ਸ਼ੋਅ ਡਿਸਕਵਰੀ ਚੈਨਲ ’ਤੇ ਸੱਤ ਭਾਸ਼ਾਵਾਂ ਵਿੱਚ ਦੇਖਿਆ ਜਾ ਸਕੇਗਾ।
ਕਮੇਡੀ ਤੋਂ ਸਿਆਸਤ ਤੱਕ ਪਹੁੰਚੇ ਮਾਨ
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕਮੇਡੀ ਕਲਾਕਾਰ ਵਜੋਂ ਸਰਗਰਮ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ’ਤੇ ਕਮੇਡੀ ਸ਼ੋਅ ਕੀਤੇ ਅਤੇ ਕਈ ਕੈਸਟਾਂ ਵੀ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਹ ਕੁਝ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ।
ਹੁਣ ਉਨ੍ਹਾਂ ਦੇ ਕਮੇਡੀ ਕਲਾਕਾਰ ਤੋਂ ਸਿਆਸਤ ਵਿੱਚ ਆਉਣ ਅਤੇ ਫਿਰ ਮੁੱਖ ਮੰਤਰੀ ਬਣਨ ਤੱਕ ਦੇ ਸਫ਼ਰ ਨੂੰ ਇਸ ਡਾਕਿਊਮੈਂਟਰੀ ਰਾਹੀਂ ਪੇਸ਼ ਕੀਤਾ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ’ਤੇ ਵੀ ਬਣੀ ਸੀ ਡਾਕਿਊਮੈਂਟਰੀ
ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ’ਤੇ ਆਧਾਰਿਤ ਡਾਕਿਊਮੈਂਟਰੀ ਤਿਆਰ ਕੀਤੀ ਗਈ ਸੀ। ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦੇ ਜੀਵਨ ’ਤੇ ਬਣੀ ਇਹ ਡਾਕਿਊਮੈਂਟਰੀ ਸਾਹਮਣੇ ਆ ਰਹੀ ਹੈ।

