ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਭਗਵੰਤ ਮਾਨ ਵੱਲੋਂ 16 ਮਾਰਚ ਯਾਨੀ ਅੱਜ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਾਵੇਗੀ। ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸਹੁੰ ਚੁੱਕ ਸਮਾਗਮ ‘ਚ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਦਿੱਲੀ ਸਰਕਾਰ ਦੇ ਕਈ ਮੰਤਰੀ, ਵਿਧਾਇਕਾਂ ਸਣੇ 400 ਦੇ ਲਗਭਗ ਵੀ.ਵੀ.ਆਈਪੀਜ਼ ਸ਼ਿਰਕਤ ਕਰ ਰਹੇ ਹਨ।
ਭਗਵੰਤ ਮਾਨ ਨੇ ਲੋਕਾਂ ਨੂੰ ਇਸ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ, ‘ਮੈਂ ਤੁਹਾਨੂੰ ਸਾਰਿਆਂ ਨੂੰ 16 ਮਾਰਚ ਦਿਨ ਨੂੰ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਉਨ੍ਹਾਂ ਕਿਹਾ ਸਿਰਫ ਮੈਂ ਨਹੀਂ ਮੇਰੇ ਨਾਲ ਪੰਜਾਬ ਦੇ 3 ਕਰੋੜ ਲੋਕ ਸਹੁੰ ਚੁੱਕਣਗੇ। ਉਨ੍ਹਾਂ ਕਿਹਾ ਅਸੀਂ ਸਭ ਨੇ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤੇ ਉਨ੍ਹਾਂ ਦੀ ਸੋਚ ਨੂੰ ਅਮਲੀ ਰੂਪ ਦੇਣਾ ਹੈ।’
ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘ਮੈਂ ਆਪਣੇ ਭਰਾਵਾਂ ਨੂੰ ਉਸ ਦਿਨ ਪੀਲੀਆਂ ਪੱਗਾਂ ਬੰਨ੍ਹਣ ਤੇ ਭੈਣਾਂ ਨੂੰ ਪੀਲੀ ਚੁੰਨੀ ਲੈਣ ਦੀ ਬੇਨਤੀ ਕਰਦਾ ਹਾਂ, ਅਸੀਂ ਉਸ ਦਿਨ ਖਟਕੜ ਕਲਾਂ ਨੂੰ ‘ਬਸੰਤੀ ਦੇ ਰੰਗ’ ਵਿੱਚ ਰੰਗਾਂਗੇ। ਮੈਂ ਤੁਹਾਡਾ ਸਾਰਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ।’