ਹਰਸਿਮਰਤ ਦੀ ਜਮਾਨਤ ਜਬਤ ਕਰਨ ਲਈ ਬਠਿੰਡਾ ਦੇ ਵੋਟਰ ਪੱਬਾਂ ਭਾਰ, ਮਾਲਵੇ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਮੁੜ ਸਿਖਾਉਣਗੇ ਸਬਕ: ਮਾਨ

Prabhjot Kaur
3 Min Read

ਚੰਡੀਗੜ੍ਹ: ਭਖੇ ਹੋਏ ਚੋਣ ਦੰਗਲ ਦਰਮਿਆਨ ਸਾਰੇ ਹੀ ਸਿਆਸੀ ਆਗੂ ਵਧ ਚੜ੍ਹ ਕੇ ਇਕ ਦੂਜੇ ਖਿਲਾਫ ਬਿਆਨਬਾਜੀਆਂ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਵੋਟਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜ਼ਮਾਨਤ ਜ਼ਬਤ ਕਰਨ ਲਈ ਤਿਆਰ ਹਨ। ਬਾਦਲ ਪਰਿਵਾਰ ਵਿੱਚ ਉਹ ਇਕਲੇ ਹੀ ਬਚੇ ਹਨ ਜਿਨ੍ਹਾਂ ਨੇ ਹਾਰਨਾ ਹੈ। ਮਾਨ ਨੇ ਕਿਹਾ ਕਿ ਮਾਲਵੇ ਦੇ ਲੋਕ ਮੁੜ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣਗੇ। ਉਹ ਆਪਣੇ ਪਰਿਵਾਰ ਅਤੇ ਪੰਜਾਬ ਦੇ ਹਿੱਤਾਂ ਲਈ ਵੋਟਾਂ ਮੰਗ ਰਹੇ ਹਨ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ‘ਚ ਸੁਨਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਸਿਆਸਤ ‘ਚੋਂ ਅਕਾਲੀ ਦਲ ਦਾ ਸਫਾਇਆ ਹੋ ਚੁੱਕਾ ਹੈ, ਜਦੋਂਕਿ ਕਾਂਗਰਸ ਨੇ ਇੱਕ ਬਾਹਰੀ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸੁਖਪਾਲ ਸਿੰਘ ਖਹਿਰਾ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਨਹੀਂ ਪਤਾ ਕਿ ਉਹ ਕਦੋਂ ਪਾਰਟੀ ਛੱਡ ਕੇ ਨਵੀਂ ਪਾਰਟੀ ‘ਚ ਸ਼ਾਮਲ ਹੋ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 70 ਫੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ ਅਤੇ ਜਲਦੀ ਹੀ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਰੰਟੀ ਵੀ ਪੂਰੀ ਹੋਵੇਗੀ। ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ 250 ਕਰੋੜ ਰੁਪਏ ਦੀ ਬਿਜਲੀ ਦੂਜੇ ਰਾਜਾਂ ਨੂੰ ਵੇਚੀ ਹੈ। ਸਿੱਖਿਆ ਅਤੇ ਸਿਹਤ ਪ੍ਰਬੰਧਾਂ ਵਿੱਚ ਸੁਧਾਰ ਹੋਇਆ ਹੈ।

ਉਨ੍ਹਾਂ ਸੁਨਾਮ ਦੇ ਵੋਟਰਾਂ ਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਸੁਨਾਮ ਉਨ੍ਹਾਂ ਦੀ ਜਨਮ ਭੂਮੀ ਅਤੇ ਕਾਰਜ ਸਥਾਨ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੂਸਾ 44 ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ। ਹੋਰ ਕਿਸਮਾਂ ਬੀਜੋ ਅਤੇ ਸਰਕਾਰ ਝੋਨੇ ਦਾ ਹਰ ਦਾਣਾ ਖਰੀਦੇਗੀ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਨਰਿੰਦਰ ਕੌਰ ਭਾਰਜ, ਕੁਲਵੰਤ ਸਿੰਘ, ਵਰਿੰਦਰ ਗੋਇਲ, ਲਾਭ ਸਿੰਘ ਉਗੋਕੇ, ਜਮੀਲ ਉਰ ਰਹਿਮਾਨ, ਦਲਬੀਰ ਗੋਲਡੀ, ਨਿਸ਼ਾਨ ਸਿੰਘ ਟੋਨੀ ਆਦਿ ਹਾਜ਼ਰ ਸਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment