ਚੰਡੀਗੜ੍ਹ : ਪੰਜਾਬ ਦੇ ਪਾਣੀਆਂ ਦਾ ਮਸਲਾ ਹਮੇਸ਼ਾ ਹੀ ਸੱਤਾਧਾਰੀਆਂ ਲਈ ਅਹਿਮ ਮਸਲਾ ਰਿਹਾ ਹੈ। ਲਗਾਤਾਰ ਸਰਕਾਰਾਂ ਇਸ ਤੋਂ ਆਨਾਕਾਨੀ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸੇ ਤਹਿਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ। ਸਤਲੁਜ ਯਮੁਨਾ ਲਿੰਕ ਨਹਿਰ ਦੇ ਬਾਬਤ ਇਸ ਮੀਟਿੰਗ ਵਿੱਚ ਵਿਚਾਰ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ।
ਮੁੱਖਮੰਤਰੀ ਭਗਵੰਤ ਮਾਨ ਵੱਲੋਂ ਉੱਚ ਅਧਿਕਾਰੀਆਂ ਅਤੇ ਵਕੀਲਾਂ ਦੇ ਵਿਸ਼ੇਸ਼ ਪੈਨਲ ਦੀ ਨਾਲ ਇਸ ਮੌਕੇ ਵਿਚਾਰ ਚਰਚਾ ਕੀਤੀ ਗਈ ਜਿਸ ਚ ਕਾਨੂੰਨੀ ਨੁਕਤੇ ਵਿਚਾਰੇ ਗਏ ।ਇਹ ਮੀਟਿੰਗ ਢਾਈ ਘੰਟੇ ਦੇ ਕਰੀਬ ਮੁੱਖ ਮੰਤਰੀ ਗ੍ਰਹਿ ਵਿਖੇ ਚੱਲੀ।ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਦੋਵੇਂ ਸੂਬਿਆਂ ਦਾ ਬੈਠ ਕੇ ਮਸਲਾ ਹੱਲ ਕਰਵਾਇਆ ਜਾਵੇ ਤਾਂ ਜੋ ਅਗਲਾ ਫ਼ੈਸਲਾ ਸੁਣਾਇਆ ਜਾ ਸਕੇ।
ਹਰਿਆਣਾ ਵੱਲੋਂ ਲਗਾਤਾਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਦਾ ਤਰਕ ਹੈ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਰੈਡ ਜੋਨ ਵਿੱਚ ਹਨ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਜੇਕਰ ਹਰਿਆਣਾ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਪੰਜਾਬ ਕਿੱਥੇ ਜਾਵੇਗਾ?
ਵਾਕਿਆ ਹੀ ਜੇਕਰ ਪੰਜਾਬ ਦੇ ਜ਼ਮੀਨੀ ਹਾਲਾਤਾਂ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਅਜਿਹੀ ਵਿੱਚ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਹ ਬੈਠਕ ਬੜੀ ਅਹਿਮ ਹੋਵੇਗੀ।ਹੁਣ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹੋ ਜਿਹਾ ਫ਼ੈਸਲਾ ਲਿਆ ਜਾਂਦਾ ਹੈ ਇਸ ਉੱਪਰ ਪੂਰੇ ਸੂਬੇ ਦੀਆਂ ਨਜਰਾਂ ਹਨ।