ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਸੁਪਰੀਮ ਕੋਰਟ ਵੱਲ ਕੀਤੇ ਗਏ ਰੁੱਖ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਤੰਜ ਕਸ ਰਹੀਆਂ ਹਨ। ਦਰਅਸਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਤੋਂ ਗੁਜਰਦੀ ਸੜਕ ਨੂੰ ਬੰਦ ਰੱਖਣ ਲਈ ਸੁਪਰੀਮ ਕੋਰਟ ਦੀ ਸ਼ਰਨ ਲਈ ਗਈ ਹੈ ਕਿਉਂਕਿ ਹਾਈ ਕੋਰਟ ਨੇ ਉਸ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਸਨ। ਪਰ ਸੁਰੱਖਿਆ ਦੇ ਮੱਦੇ ਨਜਰ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਹੈ। ਇਸ ਮਸਲੇ ‘ਤੇ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਹੈ ਤਾਂ ਨਾਲ ਹੀ ਹੁਣ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਵੀ ਸਰਕਾਰ ‘ਤੇ ਤੰਜ ਕਸੇ ਹਨ। ਜੀ ਹਾਂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਦੇ ਚਲਦਿਆਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇ ਨਜਰ ਸਰਕਾਰ ਸੁਪਰੀਮ ਕੋਰਟ ‘ਚ ਪਹੁੰਚ ਗਈ ਹੈ ਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਪਹਿਲਾਂ ਉਸ ਦੀ ਸੁਰੱਖਿਆ ਘਟਾਈ ਅਤੇ ਫਿਰ ਇਸ ਗੱਲ ਨੂੰ ਜਨਤਕ ਵੀ ਕੀਤਾ ਗਿਆ।ਦਰਅਸਲ ਸੁਪਰੀਮ ਕੋਰਟ ‘ਚ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਦਲੀਲ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੀ ਸੁਰੱਖਿਆ ਘਟਾਉਣ ਕਾਰਨ ਹੋਇਆ ਸੀ। ਜਾਖੜ ਦਾ ਕਹਿਣਾ ਹੈ ਕਿ ਇਸ ਦਲੀਲ ਜਰੀਏ ਪੰਜਾਬ ਸਰਕਾਰ ਨੇ ਇਹ ਖੁਦ ਮੰਨ ਲਿਆ ਹੈ ਕਿ ਉਹ ਸੂਬੇ ਦੀ ਸੁਰੱਖਿਆ ਵਿਵਸਥਾ ਨੂੰ ਸੰਭਾਲਣ ‘ਚ ਅਸਮਰਥ ਹੈ।
ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਕੇਸ ‘ਚ ਭਗਵੰਤ ਮਾਨ ਨੂੰ ਦੋਸ਼ੀ ਵਜੋਂ ਸਿੱਧੇ ਤੌਰ ‘ਤੇ ਸ਼ਾਮਲ ਕਰਨਾ ਚਾਹੀਦਾ ਹੈ।ਇੱਥੇ ਹੀ ਜਾਖੜ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਮੰਗ ਦਾ ਵੀ ਹਵਾਲਾ ਦਿੱਤਾ ਜਿਸ ‘ਚ ਉਨ੍ਹਾਂ ਕਿਹਾ ਕਿ ਸ਼ੁੱਭਦੀਪ ਦਾ ਕਤਲ ਸੁਰੱਖਿਆ ਘਟਾਉਣ ਅਤੇ ਫਿਰ ਘੱਟ ਸੁਰੱਖਿਆ ਸਬੰਧੀ ਜਨਤਕ ਪ੍ਰਚਾਰ ਕਾਰਨ ਹੋਇਆ ਹੈ।ਬਲਕੌਰ ਸਿੰਘ ਵੱਲੋਂ ਅਧਿਕਾਰੀਆਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।ਜਾਖੜ ਦਾ ਕਹਿਣਾ ਹੈ ਕਿ ਇਸ ਮਸਲੇ ‘ਤੇ ਜਲਦ ਤੋਂ ਜਲਦ ਪੰਜਾਬ ਸੀਐੱਮ ਪ੍ਰੈਸ ਕਾਨਫਰੰਸ ਕਰਨ ਅਤੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਉਸ ਸਮੇਂ ਆਪਣੇ ਸਿਰ ਖੁਦ ਮਾਨ ਨੇ ਸਿਹਰਾ ਬੰਨਿਆ ਸੀ ਕਿ ਉਨ੍ਹਾਂ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਘਟਾ ਦਿੱਤੀ ਹੈ।