ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ‘ਚੋਂ ਸੈਂਕੜੇ ਕਰੋੜ ਰੁਪਏ ਬਰਬਾਦ ਕਰ ਕੇ ਨੋਟਾ ਨਾਲੋਂ ਘੱਟ ਵੋਟਾਂ ਹਾਸਲ ਕੀਤੀਆਂ: ਸਿਰਸਾ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਸੈਂਕੜੇ ਕਰੋੜ ਰੁਪਏ ਬਰਬਾਦ ਕਰ ਦਿੱਤੇ ਤੇ ਉਹਨਾਂ ਨੂੰ ਚਾਰ ਰਾਜਾਂ ਦੀਆਂ ਚੋਣਾਂ ਵਿਚ ਨੋਟਾ (ਅਰਥ ਉਪਰੋਕਤ ਵਿਚੋਂ ਨਹੀਂ) ਨਾਲੋਂ ਘੱਟ ਵੋਟਾਂ ਮਿਲੀਆਂ ਹਨ। ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਅਤੇ ਕੇਜਰੀਵਾਲ ਵੱਲੋਂ ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਤੇ ਤਿਲੰਗਾਨਾ ਵਿਚ ਚੋਣ ਪ੍ਰਚਾਰ ’ਤੇ ਜਾਣ ਵਾਸਤੇ ਸਪੈਸ਼ਲ ਜੈਟ ਕਿਰਾਏ ’ਤੇ ਲਿਆ। ਉਹਨਾਂ ਨੇ ਇਹਨਾਂ ਚੋਣਾਂ ਵਾਲੇ ਰਾਜਾਂ ਵਿਚ ਆਮ ਆਦਮੀ ਪਾਰਟੀ ਲਈ ਇਸ਼ਤਿਹਾਰਬਾਜ਼ੀ ’ਤੇ ਸੈਂਕੜੇ ਕਰੋੜ ਰੁਪਏ ਬਰਬਾਦ ਕਰ ਦਿੱਤੇ। ਇਸੇ ਤਰੀਕੇ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਵਾਸਤੇ ਮੋਟਾ ਪੈਸਾ ਬਹਾਇਆ ਤੇ ਚੋਣਾਂ ਵਾਲੇ ਰਾਜਾਂ ‘ਚ ਵਿਸ਼ੇਸ਼ ਟੀਮਾਂ ਵੀ ਰੱਖੀਆਂ ਗਈਆਂ।

ਸਿਰਸਾ ਨੇ ਕਿਹਾ ਕਿ ਪੰਜਾਬ ਦੇ ਟੈਕਸ ਦਾਤਿਆਂ ਦਾ ਪੈਸਾ ਬਰਬਾਦ ਕਰਨ ਮਗਰੋਂ ਆਪ ਨੂੰ ਇਹਨਾਂ ਰਾਜਾਂ ਵਿਚ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਹਨ ਜਿਹਨਾਂ ਦੇ ਨਤੀਜੇ ਅੱਜ ਘੋਸ਼ਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਆਪ ਨੂੰ ਇਹਨਾਂ ਰਾਜਾਂ ਵਿਚ ਇਕ ਫੀਸਦੀ ਵੀ ਵੋਟਾਂ ਨਹੀਂ ਮਿਲੀਆਂ ਤੇ ਇਸਦੇ ਹਿੱਸੇ 0.4 ਫੀਸਦੀ ਤੋਂ ਘੱਟ ਵੋਟਾਂ ਆਈਆਂ।

ਭਾਜਪਾ ਆਗੂ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਆਪਣੇ ਝੂਠੇ ਤੇ ਖੋਖਲੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਵਿਚ ਸਫਲ ਹੋ ਗਈ ਸੀ ਪਰ ਦੇਸ਼ ਦੇ ਲੋਕਾਂ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝ ਲਿਆ ਹੈ ਤੇ ਜਾਣ ਲਿਆ ਹੈ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਸਭ ਤੋਂ ਭ੍ਰਿਸ਼ਟ ਆਗੂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਹਨਾਂ ਚਾਰ ਰਾਜਾਂ ਦੇ ਲੋਕਾਂ ਨੇ ਆਪ ਨੂੰ ਨਮੋਸ਼ੀਭਰੀ ਹਾਰ ਦਿੱਤੀ ਹੈ।

ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਹੁਣ ਵੀ ਆਪਣੀ ਗਲਤੀ ਸਮਝ ਲੈਣ ਤੇ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੂਬੇ ਦਾ ਪੈਸਾ ਬਰਬਾਦ ਕਰਨਾ ਬੰਦ ਕਰ ਦੇਣ ਤੇ ਆਪਣੇ ਸੂਬੇ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ ਜਿਸ ਵਾਸਤੇ ਸੂਬੇ ਦੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ।

Share This Article
Leave a Comment