ਕੈਪਟਨ ਨੇ ਭੱਠਲ ਲਈ ਖੋਲ੍ਹਿਆ ਸੀ ਖਜ਼ਾਨਾ? ਭਗਵੰਤ ਮਾਨ ਨੂੰ ਆ ਗਿਆ ਗੁੱਸਾ! ਬੱਸ ਵਿਹਲਾ ਵਿਹਲਾ ਤੇ ਵਿਹਲਾ ਹੀ ਕਰੀ ਗਿਆ ਫਿਰ ਕੀਤੇ ਅਜਿਹੇ ਖੁਲਾਸੇ ਕਿ ਨਵੇਂ ਮੰਤਰੀਆਂ ਨੂੰ ਵੀ ਆਪਣੀ ਪੈ ਗਈ?

TeamGlobalPunjab
3 Min Read

ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਵਿਧਾਇਕਾਂ ਨੂੰ ਵੰਡੇ ਗਏ ਕੈਬਨਿਟ ਰੈਂਕ ਦੇ ਆਹੁਦਿਆਂ ਤੋਂ ਆਮ ਆਦਮੀ ਪਾਰਟੀ ਖਫਾ ਹੋ ਗਈ ਹੈ। ਇਸ ਸਬੰਧ ਵਿੱਚ‘ਆਪ’ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਮੁੱਖ ਮੰਤਰੀ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇੱਥੇ ਹੀ ਬੱਸ ਨਹੀਂ ਅਜਿਹਾ ਕਹਿੰਦਿਆਂ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵਿਹਲਾ ਮੁੱਖ ਮੰਤਰੀ ਵੀ ਗਰਦਾਨ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਉਂਝ ਤਾਂ ਕੈਪਟਨ ਅਮਰਿੰਦਰ ਸਿੰਘ ਮਾੜੇ ਹਾਲਾਤਾਂ ਦੀ ਦੁਹਾਈ ਦਿੰਦੇ ਰਹਿੰਦੇ ਹਨ ਪਰ ਕੈਬਨਿਟ ਰੈਂਕ ਦੇ ਆਹੁਦੇ ਰਿਉੜੀਆਂ ਵਾਂਗ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰਾਂ ਦੀ ਜਰੂਰਤ ਉਸ ਵਿਅਕਤੀ ਨੂੰ ਹੁੰਦੀ ਹੈ ਜਿਸ ਕੋਲ ਬਹੁਤ ਜਿਆਦਾ ਕੰਮ ਹੁੰਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਤਾਂ ਇਤਿਹਾਸ ਦੇ ਸਭ ਤੋਂ ਵਿਹਲੇ ਮੁੱਖ ਮੰਤਰੀ ਹਨ। ਮਾਨ ਨੇ ਦਾਅਵਾ ਕੀਤਾ ਕਿ ਸੂਬੇ ਦੇ ਹਾਲਾਤਾਂ ਨੂੰ ਦੇਖਦਿਆਂ ਫਜ਼ੂਲ ਖਰਚ ਨੂੰ ਘਟਾਉਣ ਲਈ ਮੁੱਖ ਮੰਤਰੀ ਵੱਲੋਂ ਸੁਨੇਹਾਂ ਮਿਲਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਸਰਕਾਰ ਚਲਾਉਣ ਵਿੱਚ ਬਾਦਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਾਨ ਅਨੁਸਾਰ ਸੂਬੇ ਦੇ ਹਾਲਾਤ ਇਹ ਹਨ ਕਿ ਲੋਕ  5 ਮਰਲਿਆਂ ਦਾ ਪਲਾਟ ਲੈਣ ਲਈ ਔਖੇ ਹੋ ਰਹੇ ਹਨ ਪਰ ਕੈਪਟਨ ਨੇ ਬਾਦਲ ਦੇ ਸੱਤ ਤਾਰਾ ਹੋਟਲ ਸੁਖ ਵਿਲਾਸ ਦੇ ਬਰਾਬਰ ਸਾਰਾਗੜ੍ਹੀ ਦਾ ਮਹਿਲ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਜਾ ਮਾਫੀ ਦੀ ਸਕੀਮ ਕਿਸਾਨਾਂ ਲਈ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ 84 ਲੱਖ ਦੀ ਮਾਫੀ ਸਿਰਫ ਰਜਿੰਦਰ ਕੌਰ ਭੱਠਲ ਨੂੰ ਦੇ ਦਿੱਤੀ ਗਈ।

ਭਗਵੰਤ ਮਾਨ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਰੈਂਕ ਦੇ ਇਹ ਆਹੁਦੇ ਵਾਪਸ ਲੈਣੇ ਚਾਹੀਦੇ ਹਨ ਅਤੇ ਵਿਧਾਇਕਾਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਇਹ ਆਹੁਦੇ ਨਹੀਂ ਸੰਭਾਲਣੇ ਚਾਹੀਦੇ। ਉਨ੍ਹਾਂ ਪੰਜਾਬ ਦੇ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਸੂਬੇ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਟੈਂਕੀਆਂ ‘ਤੇ ਚੜ੍ਹਨ ਲਈ ਮਜ਼ਬੂਰ ਹੋ ਰਹੇ ਹਨ, ਆਂਗਣਵਾੜੀ ਕੇਂਦਰਾਂ ‘ਚ ਬੱਚੇ 2 ਮਹੀਨਿਆਂ ਤੋਂ ਦਲੀਆ ਰੋਟੀ ਨੂੰ ਤਰਸ ਰਹੇ ਹਨ, ਬਜ਼ੁਰਗ ਅਤੇ ਵਿਧਵਾਵਾਂ ਪੈਨਸ਼ਨਾਂ ਨੂੰ ਤਰਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ  ਵਿੱਚ ਸਰਕਾਰ ਇਹ ਜਵਾਬ ਦੇ ਰਹੀ ਹੈ ਕਿ ਖਜ਼ਾਨਾ ਖਾਲੀ ਹੈ ਤਾਂ ਫਿਰ ਇਹ ਆਹੁਦੇ ਕਿਵੇਂ ਵੰਡੇ ਜਾ ਰਹੇ ਹਨ।

Share this Article
Leave a comment