ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਮਰੀਜਾਂ ਦੀ ਲੁੱਟ ਨੂੰ ਰੋਕਣ ਲਈ ਨੋਡਲ ਏਜੰਸੀ ਬਣਾਵੇ ਸਰਕਾਰ: ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਸਰਕਾਰ ਤੋਂ ਸੂਬੇ ਅੰਦਰ ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਮਰੀਜਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਖ਼ਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਹੈ।

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਵੱਲੋਂ ਕੋਰੋਨਾ ਮਰੀਜਾਂ ਦੀ ਮਹਿੰਗੇ ਇਲਾਜ ਦੇ ਨਾਂ ‘ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਇੱਕ ਨੋਡਲ ਏਜੰਸੀ ਬਣਾਈ ਜਾਵੇ ਅਤੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਸੂਬੇ ਦੇ ਲੋਕਾਂ ਲਈ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ।

ਸੁੱਕਰਵਾਰ ਨੂੰ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੰਜਾਬ ਦੇ ਵਸਨੀਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਹਰ ਰੋਜ ਵਾਧਾ ਹੋ ਰਿਹਾ ਹੈ, ਪਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਲੋੜੀਂਦੇ ਉਪਕਰਨ, ਦਵਾਈਆਂ ਅਤੇ ਵੈਂਟੀਲੇਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਮਾਨ ਨੇ ਦੋਸ ਲਾਇਆ ਕਿ ਕੋਰੋਨਾ ਪੀੜਤਾਂ ਦੇ ਇਲਾਜ ਨੂੰ ਕੁੱਝ ਨਿੱਜੀ ਹਸਪਤਾਲਾਂ ਨੇ ਲੁੱਟ ਦਾ ਧੰਦਾ ਬਣਾ ਲਿਆ ਹੈ ਅਤੇ ਪੀੜਤਾਂ ਤੋਂ ਇਲਾਜ ਦੇ ਨਾਂ ‘ਤੇ 10 ਤੋਂ 15 ਲੱਖ ਰੁਪਏ ਤੱਕ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਨਿੱਜੀ ਹਸਪਤਾਲ ਨੇ ਕੋਰੋਨਾ ਪੀੜਤ ਦਾ 15 ਜਾਂ 20 ਦਿਨ ਇਲਾਜ ਕੀਤਾ ਅਤੇ ਪਰਿਵਾਰ ਤੋਂ 15 ਲੱਖ ਰੁਪਏ ਵੀ ਲੈ ਲਏ, ਪਰ ਮਰੀਜ ਫਿਰ ਵੀ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਹਿਰ ਕਾਰਨ ਸੂਬੇ ‘ਚ ਕੁੱਝ ਨਿੱਜੀ ਹਸਪਤਾਲਾਂ ਅਤੇ ਹੋਰ ਅਦਾਰਿਆਂ ਵੱਲੋਂ ਇਲਾਜ ਲਈ ਜਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਕਾਲਾਬਾਜਾਰੀ ਵੀ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਸੁਪਨਮਈ ਨੀਂਦ ਵਿੱਚ ਸੁੱਤੀ ਪਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਕੁੱਝ ਨਿੱਜੀ ਹਸਪਤਾਲਾਂ ਵੱਲੋਂ ਮਰੀਜਾਂ ਦੀ ਆਰਥਿਕ ਲੁੱਟ ਦੇ ਲਈ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਜਿੰਮੇਵਾਰ ਹਨ। ਪਿਛਲੇ 20 ਸਾਲਾਂ ਦੌਰਾਨ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ ਪ੍ਰਕਾਸ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਵਾਲੇ ਸਰਕਾਰੀ ਢਾਂਚੇ ਦਾ ਨਿਰਮਾਣ ਹੀ ਨਹੀਂ ਕੀਤਾ, ਸਗੋਂ ਪ੍ਰਾਈਵੇਟ ਅਦਾਰਿਆਂ ਨੂੰ ਹੀ ਉਤਸਾਹਿਤ ਕੀਤਾ ਹੈ।

ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਸੂਬੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਇਲਾਜ ਦੇ ਨਾਂ ‘ਤੇ ਹੁੰਦੀ ਮਰੀਜਾਂ ਦੀ ਆਰਥਿਕ ਲੁੱਟ ਤੋਂ ਬਚਾਉਣ ਲਈ ਇੱਕ ਉਚ ਤਾਕਤਾਂ ਵਾਲੀ ਨੋਡਲ ਏਜੰਸੀ ਦਾ ਗਠਨ ਕਰਨਾ ਚਾਹੀਦਾ ਹੈ।

Share This Article
Leave a Comment