ਕੋਵਿਡ-19 ਮਹਾਮਾਰੀ ਨੂੰ ਹਰਾਉਣ ਲਈ ਕਿਵੇਂ ਰੱਖਿਆ ਜਾ ਸਕਦਾ ਸਿਹਤ ਦਾ ਧਿਆਨ

TeamGlobalPunjab
9 Min Read

–ਡਾ. ਕਿਰਨ ਬੈਂਸ

ਸਾਡੀ ਰਵਾਇਤੀ ਖੁਰਾਕ ਪੰਜਾਬ ਦੇ ਵਾਤਾਵਰਣ ਅਤੇ ਜੀਵਨ ਸ਼ੈਲੀ ਨੂੰ ਪ੍ਰਗਟਾਉਂਦੀ ਹੈ। ਸਮੇਂ ਦੇ ਨਾਲ਼ ਬਦਲਾਅ ਇੱਕ ਕੁਦਰਤੀ ਪ੍ਰਣਾਲ਼ੀ ਹੈ ਪਰ ਜੇ ਸਾਡੀ ਰਵਾਇਤੀ ਖੁਰਾਕ ਵਿੱਚ ਬਦਲਾਅ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ ਤਾਂ ਸਾਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਰਿਵਾਇਤੀ ਸੰਤੁਲਿਤ ਖੁਰਾਕ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਨ ਅਤੇ ਕੋਵਿਡ-19 ਮਹਾਮਾਰੀ ਨੂੰ ਹਰਾਉਣ ਲਈ ਹੋਰ ਵੀ ਜ਼ਰੂਰੀ ਹੈ। ਰਲੇ ਮਿਲੇ ਅਨਾਜ, ਦਾਲ਼ਾਂ ਅਤੇ ਤੇਲ ਬੀਜ ਜਾਂ ਸਿਰਫ਼ ਮੈਦੇ ਤੋਂ ਬਣੇ ਭੋਜਨ – ਸਿਹਤਮੰਦ ਕੀ?

ਸਾਡੀ ਰਿਵਾਇਤੀ ਖੁਰਾਕ ਵਿੱਚ ਕਈ ਤਰਾਂ ਦੇ ਅਨਾਜ ਜਿਵੇਂ ਕਿ ਕਣਕ, ਮੱਕੀ, ਚੌਲ ਬਾਜਰਾ, ਜੌਂ, ਜਵੀ ਆਦਿ ਆਦਿ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਰੋਟੀ ਤੋਂ ਇਲਾਵਾ ਕਣਕ ਦਾ ਦਲੀਆ, ਸੇਵੀਆਂ, ਕੜਾਹ, ਪੰਜੀਰੀ, ਪਿੰਨੀ, ਮੱਕੀ ਦੇ ਭੁੱਜੇ ਦਾਣੇ ਅਤੇ ਫੁੱਲੀਆਂ, ਚੌਲਾਂ ਦੀ ਖੀਰ, ਮਰੂੰਡਾ, ਫੁੱਲੇ, ਬਾਜਰੇ ਦੀ ਖਿਚੜੀ ਆਦਿ। ਇਸ ਤਰਾਂ ਪੰਜਾਬ ਦੇ ਮੌਸਮ ਅਨਕੂਲ ਉਗਾਈਆਂ ਜਾਂਦੀਆਂ ਦਾਲ਼ਾਂ ਜਿਵੇਂ ਕਿ ਮੂੰਗੀ, ਮੋਠ, ਮਾਹ, ਛੋਲੇ, ਮਸਰ ਵੀ ਰਲ਼ਾ-ਮਿਲਾਕੇ ਬਨਾਉਣ ਨਾਲ ਰੋਜ਼ਾਨਾ ਖੁਰਾਕ ਦੀ ਪੌਸ਼ਟਿਕ ਤਾ ਕਈ ਗੁਣਾ ਵੱਧ ਜਾਂਦੀ ਹੈ। ਸਰਦੀ ਦੀ ਰੁੱਤ ਵਿੱਚ ਮੂੰਗਫਲ਼ੀ, ਤਿਲ਼ ਅਤੇ ਅਲਸੀ ਦੀ ਪੰਜੀਰੀ, ਪਿੰਨੀ, ਗਚੱਕ, ਰਿਓੜਿਆਂ, ਲੱਡੂ ਆਦਿ ਦੀ ਵਰਤੋਂ ਰਿਵਾਇਤੀ ਖੁਰਾਕ ਨੂੰ ਹੋਰ ਵੀ ਪੌਸ਼ਟਿਕ ਬਣਾ ਦਿੰਦੀ ਹੈ।

ਸਾਡੀ ਧਰਤੀ ਤੋਂ ਉਗਣ ਵਾਲੇ ਇਹ ਅਨਾਜ, ਦਾਲ਼ਾਂ ਅਤੇ ਤੇਲਬੀਜ ਪੌਸ਼ਟਿਕ ਤੱਤ ਜਿਵੇਂ ਕਿ ਪ੍ਰੋਟੀਨ, ਰੇਸ਼ੇ, ਵਿਟਾਮਿਨ, ਖਣਿਜ ਜਿਵੇਂ ਲੋਹਾ, ਕੈਲਸ਼ਿਅਮ ਅਤੇ ਜ਼ਿੰਕ, ਦੀ ਰੋਜ਼ਾਨਾ, ਲੋੜ ਨੂੰ ਪੂਰਾ ਕਰਦੇ ਹਨ ਜਿਸ ਕਰਕੇ ਸ਼ਰੀਰ ਰਿਸ਼ਟ-ਪੁਸ਼ਟ ਅਤੇ ਨਿਰੋਗ ਰਹਿੰਦਾ ਹੈ। ਇਹਨਾਂ ਵਿੱਚ ਪਾਏ ਜਾਣ ਵਾਲੇ ਹੋਰ ਕਈ ਤੱਤ ਸ਼ੂਗਰ, ਬਲੱਡ ਪਰੈਸ਼ਰ, ਹਾਰਟ ਅਟੈਕ, ਗੋਡੇ ਅਤੇ ਜੋੜਾਂ ਦੇ ਦਰਦ ਅਤੇ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਸੋ ਇਹਨਾਂ ਤੋਂ ਦੂਰ ਜਾਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ।

- Advertisement -

ਦੂਜੇ ਪਾਸੇ ਮੈਦੇ ਤੋਂ ਬਣੇ ਪਦਾਰਥ ਜਿਵੇਂ ਕਿ ਬਰੈਡ, ਨੂਡਲਸ, ਬਰਗਰ, ਪਿਜ਼ਾ, ਪਾਸਤਾ, ਬਿਸਕੁਟ, ਕੇਕ ਆਦਿ ਨੇ ਸਾਡੇ ਨੌਜਵਾਨਾਂ ਦੀ ਰੋਜ਼ਾਨਾ ਖੁਰਾਕ ਵਿੱਚ ਆਪਣੀ ਜਗਾਹ ਬਣਾ ਲਈ ਹੈ। ਇਹ ਮੈਦੇ ਦੇ ਪਦਾਰਥ ਮੋਟਾਪਾ ਕਰਦੇ ਹਨ ਅਤੇ ਰਿਵਾਇਤੀ ਭੋਜਨ ਪਦਾਰਥਾਂ ਦੀ ਤੁਲਨਾ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਹਨ। ਇਹਨਾਂ ਨੂੰ ਖੁਰਾਕ ਵਿੱਚ ਸ਼ਾਮਿਲ ਕਰਨਾ ਮੋਟਾਪਾ, ਸ਼ੂਗਰ ਅਤੇ ਦਿਲ ਨਾਲ ਸਬੰਧਿਤ ਰੋਗਾਂ ਨੂੰ ਕੋਲ਼ ਬੁਲਾਉਣਾ ਹੈ।

ਕੋਲਡ ਡ੍ਰਿੰਕਸ ਜਾਂ ਰਿਵਾਇਤੀ ਡ੍ਰਿੰਕਸ – ਕੀ ਚੁਣੀਏ?

ਕੋਲਡ ਡ੍ਰਿੰਕਸ ਦਾ ਲਗਾਤਾਰ ਵਧ ਰਿਹਾ ਸੇਵਨ ਕਈ ਤਰਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੋਟਾਪਾ, ਸ਼ੂਗਰ ਅਤੇ ਮਾੜੇ ਦੰਦਾਂ ਦਾ ਕਾਰਣ ਹੈ। ਇਹ ਬਜ਼ਾਰੂ ਡ੍ਰਿੰਕਸ ਕੇਵਲ ਊਰਜਾ ਦਾ ਸਰੋਤ ਹਨ, ਇਹ ਸਾਡੇ ਸਰੀਰ ਨੂੰ ਕੋਈ ਹੋਰ ਲੋੜੀਂ ਦਾ ਪੌਸ਼ਟਿਕ ਤੱਤ ਨਹੀਂ ਦਿੰਦੇ। ਇਹਨਾਂ ਕੋਲਡ ਡ੍ਰਿੰਕਸ ਵਿੱਚ ਖੰਡ ਦੀ ਮਾਤਰਾ ਤਕਰੀਬਨ 10-11 ਗਾ੍ਰਮ/100 ਮਿ.ਲਿ. ਹੁੰਦੀ ਹੈ, ਜੋ ਕਿ ਤਕਰੀਬਨ 2 ਚਮਚ ਖੰਡ ਦੇ ਬਰਾਬਰ ਹੈ।

ਘਰ ਵਿੱਚ ਆਪ ਤਿਆਰ ਕੀਤੇ ਡ੍ਰਿੰਕਸ ਜਿਵੇਂ ਕਿ ਨੀਂਬੂ ਪਾਣੀ, ਸ਼ਕੰਜਵੀ, ਜਲ-ਜੀਰਾ, ਕਾਂਜੀ, ਅੰਬਾਂ ਦਾ ਪੰਨਾ, ਸ਼ਰਦਾਈ, ਗੁਲਾਬ ਦਾ ਸ਼ਰਬਤ, ਫਲ਼ਾਂ ਦਾ ਰੱਸ ਆਦਿ ਗਰਮੀਆਂ ਵਿੱਚ ਨਾ ਕੇਵਲ ਪਿਆਸ ਬੁਝਾਉਂਦੇ ਹਨ, ਸਗੋਂ ਸਰੀਰ ਨੂੰ ਠੰਡਾ ਰਖਣ ਵਿੱਚ ਵੀ ਮਦੱਦ ਕਰਦੇ ਹਨ। ਇਸਦੇ ਨਾਲ਼-ਨਾਲ਼ ਇਹ ਸਰੀਰ ਲਈ ਲੋੜੀਂਦੇ ਖਣਿਜ ਤੱਤਾਂ ਦਾ ਵੀ ਵਧੀਆ ਸੋਮਾ ਹਨ।

ਲੱਸੀ ਜੋ ਕਿ ਰਿਵਾਇਤੀ ਪੰਜਾਬੀ ਡ੍ਰਿੰਕ ਹੈ ਆਮਤੌਰ ‘ਤੇ ਖਾਣੇ ਦੇ ਨਾਲ ਜਾਂ ਬਾਅਦ ਵਿੱਚ ਪੀਤੀ ਜਾਂਦੀ ਹੈ। ਇਹ ਕੈਲਸ਼ੀਅਮ ਅਤੇ ਵਿਟਾਮਿਨ ਡੀ ਦਾ ਵਧੀਆ ਸੋਮਾ ਹੋਣ ਦੇ ਨਾਲ਼ ਨਾਲ਼ ਸਰੀਰ ਵਿੱਚ ਪਾਚਨ ਪ੍ਰਣਾਲੀ ਨੂੰ ਠੀਕ ਰਖੱਣ ਵਿੱਚ ਵੀ ਮਦਦ ਕਰਦੀ ਹੈ। ਇਸਦੇ ਨਾਲ ਹੀ ਲੱਸੀ ਕੁਦਰਤੀ ਪ੍ਰੋ-ਬਾਇਓਟਿਕ ਹੋਣ ਕਰਕੇ ਪਾਚਨ ਕਿਰਿਆ ਲਈ ਸੂਖਮ ਜੀਵਾਣੂਆਂ ਦੀ ਮਾਤਰਾ ਸਹੀ ਰੱਖਣ ਵਿੱਚ ਸਹਾਈ ਹੁੰਦੀ ਹੈ।

- Advertisement -

ਘਰ ਵਿੱਚ ਆਪ ਤਿਆਰ ਕੀਤੇ ਡ੍ਰਿੰਕਸ ਵਿੱਚ ਖੰਡ ਦੀ ਮਾਤਰਾ ਲੋੜ ਅਤੇ ਸਵਾਦ ਅਨੁਸਾਰ ਵਧਾਈ ਜਾਂ ਘਟਾਈ ਜਾ ਸਕਦੀ ਹੈ ਅਤੇ ਇਹਨਾਂ ਵਿੱਚ ਹਾਨੀਕਾਰਕ ਰਸਾਇਣਕ ਪਦਾਰਥ ਵੀ ਨਹੀਂ ਹੁੰਦੇ।

ਕੀ ਹੈ ਬੇਹਤਰ – ਗੁੜ ਜਾਂ ਖੰਡ?

ਖੰਡ ਦੇ ਮੁਕਾਬਲੇ ਗੁੜ ਵਧੇਰੇ ਪੌਸ਼ਟਿਕ ਹੈ। ਖੰਡ ਵਿੱਚ ਕੇਵਲ ਊਰਜਾ ਹੀ ਹੁੰਦੀ ਹੈ ਪਰ ਕੋਈ ਵਿਟਾਮਿਨ, ਖਣਿਜ ਜਾਂ ਹੋਰ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ। ਗੁੜ ਲੋਹੇ ਨਾਲ ਭਰਪੂਰ ਹੈ ਇਸ ਲਈ ਅਨੀਮਿਆ ਗ੍ਰਸਤ ਲੋਕਾਂ ਨੂੰ ਇਸਦੀ ਸਫਾਰਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਸਲੀਨਿਅਮ ਅਤੇ ਜ਼ਿੰਕ ਵਰਗੇ ਕਈ ਖਣਿਜ ਹੁੰਦੇ ਹਨ। ਗੁੜ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ, ਲਿਵਰ ਸਿਹਤਮੰਦ ਰਹਿੰਦਾ ਹੈ, ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਖੁਨ ਦੀ ਕਮੀ ਪੂਰੀ ਹੁੰਦੀ ਹੈ। ਗੁੜ ਵਿੱਚ ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਦੀ ਦਿਲ ਦੇ ਰੋਗਾਂ ਅਤੇ ਕੈਂਸਰ ਨੂੰ ਰੋਕਣ ਵਿੱਚ ਮਹਤਵ ਪੂਰਨ ਭੂਮਿਕਾ ਹੁਮਦਿ ਹੈ ਜਦੋਂਕਿ ਖੰਡ ਵਿੱਚ ਐਂਟੀ ਆਕਸੀਡੈਂਟ ਤੱਤ ਨਹੀਂ ਹੁੰਦੇ ਹਨ। ਖੰਡ ਦੇ ਮੁਕਾਬਲੇ ਗੁੜ ਰਸਾਇਣਾਂ ਤੋਂ ਮੁਕਤ ਹੈ ਅਤੇ ਵਧੇਰੇ ਪੌਸ਼ਟਿਕ ਹੋਣ ਦੇ ਨਾਲ ਨਾਲ ਵਾਤਾਵਰਣ ਹਿਤੈਸ਼ੀ ਹੈ।

ਚੰਗੀ ਸਿਹਤ ਲਈ ਸਥਾਨਿਕ ਅਤੇ ਮੌਸਮੀ ਫ਼ਲ ਅਤੇ ਸਬਜੀਆਂ

ਅੱਜ ਦਾ ਨੌਜਵਾਨ ਵਰਗ ਬਜ਼ਾਰ ਵਿੱਚ ਮਿਲਣ ਵਾਲੇ ਪਰਦੇਸੀ ਫ਼ਲ ਅਤੇ ਸਬਜੀਆਂ ਤੋਂ ਬਹੁਤ ਪ੍ਰਭਾਵਿਤ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਸਾਡੀਆਂ ਆਪਣੀਆਂ ਉਗਾਈਆਂ ਸਬਜ਼ੀਆਂ ਖਾਸ ਕਰਕੇ ਤਾਜ਼ੀਆਂ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਕਿਸਰੋਂ, ਪਾਲਕ, ਮੇਥੀ ਆਦਿ ਅਤੇ ਗੋਭੀ, ਗਾਜਰ, ਸ਼ਲਗਮ, ਮਟਰ ਸਾਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦੇ ਹਨ।ਇਸ ਤੋਂ ਇਲਾਵਾ ਫ਼ਲ ਅਤੇ ਸਬਜੀਆਂ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਤੱਤ ਬਿਮਾਰੀਆਂ ਨੂੰ ਦੂਰ ਰੱਖਦੇ ਹਨ।

ਪੰਜਾਬ ਵਿੱਚ ਪੈਦਾ ਹੋਣ ਵਾਲੇ ਫਲ ਜਿਵੇਂ ਕਿ ਅਮਰੂਦ, ਅੰਬ, ਆੜੂ, ਬੇਰ, ਨਿੰਬੂ, ਖਰਬੂਜਾ, ਤਰਬੂਜ, ਸ਼ਹਤੂਤ ਆਦਿ ਸਾਨੂੰ ਸਾਰਾ ਸਾਲ ਪੌਸ਼ਟਿਕਤਾ ਦਿੰਦੇ ਹਨ ਜਦੋਂ ਕਿ ਦੂਰ-ਦੁਰੇਡੇ ਤੋਂ ਆਉਣ ਵਾਲੇ ਫਲ ਜਿਵੇਂ ਸੇਬ, ਕਿਵੀ, ਡਰੈਗਨ ਫਰੂਟ ਆਦਿ ਸਥਾਨਿਕ ਫਲਾਂ ਨਾਲੋਂ ਵਧੇਰੇ ਮਹਿੰਗੇ ਅਤੇ ਘੱਟ ਪੌਸ਼ਟਿਕ ਹੁੰਦੇ ਹਨ।

ਆਓ ਆਪਣੇ ਸਥਾਨਿਕ ਭੋਜਨ ਪਦਾਰਥਾਂ ਦੀ ਪੌਸ਼ਟਿਕਤਾ ਅਤੇ ਗੁਣਵੱਤਾ ਸਮਝੀਏੇ ਤਾਂ ਜੋ ਚੰਗੀ ਸਿਹਤ ਪਾਉਣ ਅਤੇ ਪੰਜਾਬ ਦੀ ਕਿਰਸਾਨੀ ਨੂੰ ਮਜ਼ਬੂਤ ਕਰਨ ਲਈ ਰਵਾਇਤੀ ਖੁਰਾਕ ਨੂੰ ਅਪਣਾਈਏ।

ਸਰੋਂ ਦੇ ਤੇਲ ਅਤੇ ਦੇਸੀ ਘਿਓ ਦਾ ਸਹੀ ਤਾਲਮੇਲ

ਤੇਲ ਅਤੇ ਘਿਓ ਦਾ ਸਹੀ ਤਾਲਮੇਲ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਸਰੋਂ ਦੇ ਤੇਲ ਵਿੱਚ ਮੌਜੂਦ ਵੱਖ-ਵੱਖ ਫੈਟੀ ਐਸਿਡਾਂ ਦਾ ਸਹੀ ਅਨੁਪਾਤ ਦਿਲ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਕਿ ਉੱਚ- ਬੱਲਡ ਪਰੈਸ਼ਰ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘਟਾਉਂਦਾ ਹੈ। ਦੇਸੀ ਘਿਓ ਅਤੇ ਮੱਖਣ ਵਿੱਚ ਮੌਜੂਦ ਵਿਟਾਮਿਨ ਏ ਚਮੜੀ ਨੂੰ ਸੁੱਰਖਿਅਤ ਅਤੇ ਨਿਗਾਹ ਨੂੰ ਬਰਕਰਾਰ ਰੱਖਦਾ ਹੈ। ਇਨਾਂ ਵਿੱਚੋਂ ਸਾਨੂੰ ਵਿਟਾਮਿਨ ਡੀ ਵੀ ਮਿਲਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਧਦੀ ਉਮਰ ਨਾਲ ਗੋਡਿਆਂ ਆਦਿ ਦੇ ਦਰਦ ਨੂੰ ਦੂਰ ਰੱਖਦਾ ਹੈ। ਲੋੜ ਤੋਂ ਵੱਧ ਤੇਲ ਜਾਂ ਘਿਓ ਮੋਟਾਪਾ ਕਰਦਾ ਹੈ ਸੋ ਇਨਾਂ ਦਾ ਰੋਜ਼ਾਨਾ ਸੇਵਨ 25-30 ਗ੍ਰਾਮ ਤੱਕ ਹੀ ਸੀਮਤ ਰੱਖੋ।

ਮਜ਼ਬੂਤ ਹੱਡੀਆਂ ਲਈ ਸੂਰਜ ਦੀ ਰੋਸ਼ਨੀ ਅਤੇ ਕਸਰਤ

ਸਾਡੀ ਚਮੜੀ ਸੂਰਜ ਦੀ ਰੋਸ਼ਨੀ ਤੋਂ ਸਰੀਰ ਵਿੱਚ ਵਿਟਾਮਿਨ ਡੀ ਦਾ ਨਿਰਮਾਣ ਕਰ ਸਕਦੀ ਹੈ। ਧੁੱਪ ਵਿੱਚ ਦੱਬ ਕੇ ਕੰਮ ਕਰਨਾ ਪੰਜਾਬੀ ਲੋਕਾਂ ਦੇ ਸੁਭਾਅ ਦਾ ਹਿੱਸਾ ਸਮਝਿਆ ਜਾਂਦਾ ਸੀ ਪਰ ਹੁਣ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਧੁੱਪ ਵਿੱਚ ਜਾਣ ਅਤੇ ਸਰੀਰਕ ਕੰਮ ਤੋਂ ਗੁਰੇਜ਼ ਕਰਦੇ ਹਨ। ਆਂਕੜੇ ਵੀ ਦੱਸਦੇ ਹਨ ਕਿ 90%ਪੰਜਾਬੀਆਂ ਵਿੱਚ ਵਿਟਾਮਿਨ ਡੀ ਦੀ ਘਾਟ ਪਾਈ ਗਈ ਹੈ। ਚਮੜੀ ਦਾ ਰੋਜ਼ਾਨਾ 10-15 ਮਿੰਟ ਸੂਰਜ ਦੀ ਰੋਸ਼ਨੀ ਲੈਣਾ ਮਜ਼ਬੂਤ ਹੱਡੀਆਂ ਲਈ ਜ਼ਰੂਰੀ ਹੈ। ਰੋਜ਼ਾਨਾ 45-60 ਮਿੰਟ ਸਰੀਰਕ ਕਸਰਤ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ। ਧੁੱਪ ਅਤੇ ਕਸਰਤ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸੋ ਵਧਦੀ ਉਮਰ ਨਾਲ ਗੋਡਿਆਂ ਆਦਿ ਦੇ ਦਰਦ ਤੋਂ ਬਚਿਆ ਜਾ ਸਕਦਾ ਹੈ।

ਰਵਾਇਤੀ ਖੁਰਾਕ ਦੇ ਨਾਲ਼-ਨਾਲ਼ ਗੈਰ ਜ਼ਰੂਰੀ ਤਨਾਅ ਤੋਂ ਬਚਾਅ

ਸਹੀ ਅਤੇ ਸੁਚੱਜੀ ਸੋਚ ਅਤੇ 6-8 ਘੰਟੇ ਰੋਜ਼ਾਨਾ ਨੀਂਦ ਵੀ ਚੰਗੀ ਸਿਹਤ ਲਈ ਜ਼ਰੂਰੀ ਹਨ। ਵੱਧ ਤੋਂ ਵੱਧ ਹੱਥੀ ਕਿਰਤ ਕਰਨੀ ਅਤੇ ਪਰਮਾਤਮਾ ਨੂੰ ਧਿਆਉਣਾ ਸਾਡੇ ਵਿਰਸੇ ਦੇ ਅਨਿਖੜਵੇਂ ਅੰਗ ਹਨ। ਆਓ ਅਰਾਮ ਛੱਡ ਕੇ ਸਰੀਰਕ ਕੰਮ-ਕਾਜ ਕਰੀਏ, ਰਵਾਇਤੀ ਖੁਰਾਕ ਅਪਣਾਈਏ ਅਤੇ ਸੁਚੱਜੇ ਜੀਵਨ ਵੱਲ ਮੋੜ ਕਰੀਏ।

(ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ਼, ਪੀ.ਏ.ਯੂ. ਲੁਧਿਆਣਾ)

ਸੰਪਰਕ: 7837700617

Share this Article
Leave a comment