ਬਹਿਬਲ ਕਲਾਂ ਮੋਰਚੇ ਦਾ ਨਿਆਂ ਲਈ ਸੰਘਰਸ਼

Global Team
4 Min Read

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮੁੱਦੇ ਤੇ ਹਾਕਿਮ ਧਿਰਾਂ ਪੱਲਾ ਝਾੜਦੀਆਂ ਨਜ਼ਰ ਆ ਰਹੀਆਂ ਹਨ। ਅੱਜ ਬਹਿਬਲ ਕਲਾਂ ਵਿਖੇ ਇਨਸਾਫ ਲੈਣ ਲਈ ਸੰਘਰਸ਼ ਕਰ ਰਹੇ ਮੋਰਚੇ ਵੱਲੋਂ ਮੋਰਚੇ ਦਾ ਇਕ ਸਾਲ ਮੁਕੰਮਲ ਹੋਣ ਤੇ ਪੰਥਕ ਇਕੱਠ ਬੁਲਾਇਆ ਗਿਆ ਸੀ। ਇਸ ਇਕੱਠ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਕਈ ਪੰਥਕ ਆਗੂ ਪਹੁੰਚੇ ਹੋਏ ਸਨ। ਮੋਰਚੇ ਦੇ ਪੰਥਕ ਇਕੱਠ ਵਿਚ ਬੁਲਾਰਿਆਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਇਹਨਾਂ ਸਰਕਾਰਾਂ ਨੇ ਇਨਸਾਫ਼ ਦੇਣ ਲਈ ਲਾਰੇ ਤਾਂ ਬਹੁਤ ਲਾਏ ਪਰ ਅਮਲੀ ਤੌਰ ਉਤੇ ਕੁੱਝ ਨਹੀਂ ਕੀਤਾ ਗਿਆ। ਖਾਸਤੌਰ ਉਤੇ ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਬੁਲਾਰਿਆਂ ਵੱਲੋਂ ਸਖ਼ਤ ਅਲੋਚਨਾ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸੰਧਵਾਂ ਨੇ ਮਿੱਥੇ ਸਮੇਂ ਅਨੁਸਾਰ ਆਪਣਾ ਇਨਸਾਫ ਦਵਾਉਣ ਵਾਲਾ ਵਾਅਦਾ ਪੂਰਾ ਨਹੀਂ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਸੰਧਵਾਂ ਨੂੰ ਅਸਤੀਫਾ ਦੇਕੇ ਮੋਰਚੇ ਦੇ ਸੰਘਰਸ਼ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਇਹ ਵੀ ਕਿਹਾ ਗਿਆ ਕਿ ਜਾਂਚ ਕਰ ਰਹੀਆਂ ਟੀਮਾਂ ਵੱਲੋਂ ਕੁੱਝ ਦਿਨ ਪਹਿਲਾਂ ਤੱਕ ਵੀ ਮੌਕੇ ਤੇ ਆ ਕੇ ਗਵਾਹਾਂ ਅਤੇ ਆਮ ਲੌਕਾਂ ਨਾਲ ਗੱਲਬਾਤ ਕੀਤੀ ਗਈ। ਪਰ ਲੱਗਦਾ ਹੈ ਕਿ ਇਹ ਗੱਲਬਾਤ ਕੇਵਲ ਮੋਰਚੇ ਦੇ ਸੰਘਰਸ਼ ਨੂੰ ਠੰਡਾ ਕਰਨ ਲਈ ਹੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਚੰਡੀਗੜ੍ਹ ਵਿਚ ਇਸ ਮੁੱਦੇ ਨੂੰ ਲੈ ਕੇ ਪੇਸ਼ੀ ਪਈ ਸੀ ਅਤੇ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਇਸੇ ਤਰੀਕੇ ਨਾਲ ਇਨਸਾਫ਼ ਦਵਾਉਣ ਲਈ ਪੰਜ ਸਾਲ ਦਾ ਸਮਾਂ ਲੰਘਾਂ ਦਿੱਤਾ ਗਿਆ ਪਰ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਬੇਅਦਬੀ ਦੇ ਮਾਮਲੇ ਵਿਚ ਨਿਆਂ ਦੇਣ ਲਈ ਪੰਜਾਬੀਆਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਅੱਠ ਮਹੀਨੇ ਲੰਘ ਜਾਣ ਬਾਅਦ ਵੀ ਹੋਰ ਸਮਾਂ ਮੰਗਿਆਂ ਜਾ ਰਿਹਾ ਹੈ।

ਬਹਿਬਲਕਲਾਂ ਮੋਰਚੇ ਦੇ ਪ੍ਰਬੰਧਕਾਂ ਵਲੋਂ ਅੱਜ ਰੋਸ ਪ੍ਰਗਟਾਵੇ ਦੇ ਰੂਪ ਵਿਚ ਬਠਿੰਡਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ। ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਸ ਵੇਲੇ ਤੱਕ ਅਣਮਿੱਥੇ ਸਮੇਂ ਲਈ ਹਾਈਵੇਅ ਉਪਰ ਜਾਮ ਲਾ ਕੇ ਰੱਖਿਆ ਜਾਵੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਰੋਸ ਪ੍ਰਗਟ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ।

 

ਹੈਰਾਨੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਦੇ ਇਨਸਾਫ ਬਾਰੇ ਹਾਕਿਮ ਧਿਰਾਂ ਦਾ ਅਸੰਵੇਦਨਸ਼ੀਲ ਰੁਖ ਕਿਉਂ ਹੈ ? ਪੰਜਾਬੀਆਂ ਲਈ ਇਸ ਨਾਲੋਂ ਵੱਡਾ ਸੰਵੇਦਨਸ਼ੀਲ ਮੁੱਦਾ ਕੋਈ ਹੋ ਨਹੀਂ ਸਕਦਾ ਪਰ ਰਾਜਸੀ ਧਿਰਾਂ ਇਕ ਦੂਜੇ ਉਪਰ ਇਲਜ਼ਾਮ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਦੀਆਂ ਹਨ। ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਮੌਜੂਦਾ ਸਪੀਕਰ ਸੰਧਵਾਂ ਵੱਲੋਂ ਪੰਥਕ ਇਕੱਠ ਵਿਚ ਕੀਤਾ ਵਾਅਦਾ ਪੂਰਾ ਨਾ ਹੋਣ ਬਾਰੇ ਸੰਗਤ ਨੂੰ ਕੋਈ ਸਪਸ਼ਟੀਕਰਨ ਵੀ ਨਹੀਂ ਦਿੱਤਾ ਗਿਆ। ਦੂਜੇ ਪਾਸੇ ਮੋਰਚੇ ਦੇ ਪ੍ਰਬੰਧਕਾਂ ਅਤੇ ਪੰਥਕ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਇਸ ਸੰਵੇਦਨਸ਼ੀਲ ਮੁੱਦੇ ਉਪਰ ਰਾਜਨੀਤੀ ਕਰ ਰਹੀਆਂ ਹਨ। ਇਸ ਸਾਰੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਕੋਲੋਂ ਪੁੱਛਗਿਛ ਕਰਨ ਸਬੰਧੀ ਖੜੀਆਂ ਕੀਤੀਆਂ ਜਾ ਰਹੀਆਂ ਅੜਚਣਾਂ ਬਾਰੇ ਵੀ ਸਵਾਲ ਉੱਠ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਖਾਤਿਰ ਡੇਰੇ ਦੇ ਮੁਖੀ ਨੂੰ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ। ਅਸਲ ਵਿਚ ਸਮੇਂ ਦੀਆਂ ਸਰਕਾਰਾਂ ਅਤੇ ਰਾਜਸੀ ਧਿਰਾਂ ਦੇ ਆਗੂ ਜੋ ਮਰਜੀ ਦਲੀਲ ਦੇਣ ਪਰ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਮੁੱਦੇ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਿਆਂ ਲੈਣਾਂ ਸਮੂਚੇ ਪੰਜਾਬੀਆਂ ਲਈ ਵੱਡਾ ਮੁੱਦਾ ਬਣਿਆ ਰਹੇਗਾ।

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

Share This Article
Leave a Comment