ਮੈਲਬੋਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਸਟ੍ਰੇਲੀਆ ਦੌਰੇ ਦੇ ਦੂਜੇ ਦਿਨ ਮੈਲਬੋਰਨ ਕ੍ਰਿਕਟ ਸਟੇਡੀਅਮ ਪਹੁੰਚੇ ਹਨ। ਪੀਐਮ ਮੋਦੀ ਨੇ ਸਟੇਡੀਅਮ ਵਿੱਚ ਮੌਜੂਦ ਖਿਡਾਰੀਆਂ ਅਤੇ ਹੋਰ ਲੋਕਾਂ ਨਾਲ ਨਿੱਘੀ ਮੁਲਾਕਾਤ ਕੀਤੀ।
ਪੀਐਮ ਮੋਦੀ ਨੇ ਮੈਲਬੋਰਨ ਸਟੇਡੀਅਮ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਭਾਰਤ ਵਿੱਚ ਬਿਗ ਬੈਸ਼ ਲੀਗ ਕਰਵਾਉਣ ਦਾ ਐਲਾਨ ਵੀ ਕੀਤਾ। ਭਾਰਤ ਪਹਿਲੀ ਵਾਰ ਬਿਗ ਬੈਸ਼ ਲੀਗ (BBL) ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਬਿਗ ਬੈਸ਼ ਲੀਗ ਦਾ ਮੈਚ 12 ਦਸੰਬਰ ਨੂੰ ਚੇਨਈ ਵਿੱਚ ਕਰਵਾਇਆ ਜਾਵੇਗਾ। ਚੇਨਈ ਦੇ ਕ੍ਰਿਕਟ ਗਰਾਊਂਡ- ਚੇਪੌਕ ਵਿੱਚ ਬਿਗ ਬੈਸ਼ ਲੀਗ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਦੇ ਨਾਲ ਆਸਟ੍ਰੇਲੀਆਈ ਪੀਐਮ ਐਂਥਨੀ ਅਲਬਾਨੀਜ਼ ਅਤੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਵਾ ਵੀ ਮੌਜੂਦ ਰਹੇ। ਐਮਸੀਜੀ (MCG) ਵਿੱਚ ਪੀਐਮ ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (BBL) ਯਾਨੀ ਟੀ-20 ਲੀਗ ਦਾ ਓਪਨਿੰਗ ਮੈਚ ਇਸ ਸਾਲ ਦਸੰਬਰ ਵਿੱਚ ਚੇਨਈ ਵਿੱਚ ਖੇਡਿਆ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਵਿਦੇਸ਼ੀ ਕ੍ਰਿਕਟ ਲੀਗ ਦਾ ਮੈਚ ਭਾਰਤ ਵਿੱਚ ਹੋਵੇਗਾ।
ਦੱਸ ਦਈਏ ਕਿ ਪੀਐਮ ਮੋਦੀ ਆਪਣੇ ਛੇ ਰੋਜ਼ਾ ਵਿਦੇਸ਼ੀ ਦੌਰੇ ਦੇ ਆਖਰੀ ਪੜਾਅ ਵਿੱਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਪ੍ਰਧਾਨ ਮੰਤਰੀ ਦੇ ਦੌਰੇ ਦੀ ਸ਼ੁਰੂਆਤ ਨਿਊਜ਼ੀਲੈਂਡ ਸਰਕਾਰ ਨਾਲ ਦੁਪੱਖੀ ਗੱਲਬਾਤ ਨਾਲ ਹੋਵੇਗੀ। ਇਸ ਦੌਰਾਨ ਦੋਵੇਂ ਦੇਸ਼ ਮੁਕਤ ਵਪਾਰ ਸਮਝੌਤੇ (FTA) ਨੂੰ ਅੰਤਿਮ ਰੂਪ ਦੇਣਗੇ। ਇਸ ਤੋਂ ਬਾਅਦ ਪੀਐਮ ਇੱਕ ਬਿਜ਼ਨਸ ਈਵੈਂਟ ਅਤੇ ਸਪੋਰਟਿੰਗ ਈਵੈਂਟ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਉਹ ਆਕਲੈਂਡ ਵਿੱਚ 40 ਹਜ਼ਾਰ ਭਾਰਤੀਆਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਨੇ ‘ਕੀਆ ਓਰਾ ਮੋਦੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਨਿਊਜ਼ੀਲੈਂਡ ਵਿੱਚ 40 ਸਾਲਾਂ ਬਾਅਦ ਕਿਸੇ ਭਾਰਤੀ ਪੀਐਮ ਦੀ ਇਹ ਯਾਤਰਾ ਹੋ ਰਹੀ ਹੈ। ਇਸ ਤੋਂ ਪਹਿਲਾਂ 1986 ਵਿੱਚ ਤਤਕਾਲੀ ਪੀਐਮ ਰਾਜੀਵ ਗਾਂਧੀ ਨਿਊਜ਼ੀਲੈਂਡ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

