ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੀਡੀਆ ਦੇ ਸਰਕਾਰੀ ਇਸ਼ਤਿਹਾਰਾਂ ‘ਤੇ 2 ਸਾਲ ਲਈ ਪਾਬੰਦੀ ਲਗਾਉਣ ਦੀ ਤਜਵੀਜ਼ ਨੂੰ ਵਾਪਸ ਲੈਣ : ਜਰਨਲਿਸਟ ਜਥੇਬੰਦੀਆਂ

TeamGlobalPunjab
3 Min Read

-ਬਿੰਦੂ ਸਿੰਘ

ਚੰਡੀਗੜ੍ਹ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ ਲਾਕਡਾਊਨ ਦੇ ਮੱਦੇਨਜ਼ਰ ਦੇਸ਼ ਦੀ ਆਰਥਿਕਤਾ ਦੇ ਸੁਧਾਰ ਲਈ ਕੁਝ ਸਲਾਹਾਂ ਦਿੱਤੀਆਂ ਹਨ। ਜਿਨ੍ਹਾਂ ‘ਚੋਂ ਇੱਕ ਸਲਾਹ ਇਹ ਵੀ ਦਿੱਤੀ ਗਈ ਹੈ ਕਿ ਮੀਡੀਆ ਦੇ ਸਰਕਾਰੀ ਇਸ਼ਤਿਹਾਰ 2 ਸਾਲ ਲਈ ਬੰਦ ਕਰ ਦਿੱਤੇ ਜਾਣ ਤੇ ਇਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਗਲੋਬਲ ਪੰਜਾਬ ਟੀਵੀ ਦੀ ਅਡੀਟਰ ਬਿੰਦੂ ਸਿੰਘ ਵੱਲੋਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਜਰਨਲ ਸਕੱਤਰ ਤੇ ਪੰਜਾਬ ਐਂਡ ਚੰਡੀਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨਾਲ ਫੋਨ ਰਾਹੀਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ‘ਚ ਉਨ੍ਹਾਂ ਕਿਹਾ ਕਿ ਕੱਲ ਪ੍ਰੈਸ ‘ਚ ਨੈਸ਼ਨਲ ਪੱਧਰ ਦੀਆਂ ਚਾਰਾਂ ਐਸੋਸੀਏਸ਼ਨਾਂ, ਐਸੋਸੀਏਸ਼ਨ ਆਫ ਇੰਡੀਆ (PAI), ਇੰਡੀਅਨ ਜਰਨਲਿਸਟ ਯੂਨੀਅਨ (INU), ਨੈਸ਼ਨਲ ਯੂਨੀਅਨ ਆਫ ਜਰਨਲਿਸਟ (NUJ) ਤੇ ਵਰਕਿੰਗ ਨਿਊਜ਼ ਕੈਮਰਾਮੈਨਜ਼ ਐਸੋਸੀਏਸ਼ਨ (WNCA) ਨੇ ਆਪਣੀ ਮੀਟਿੰਗ ‘ਚ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਆਪਣੀ ਤਜ਼ਵੀਜ਼ ਵਾਪਸ ਲੈ ਲੈਣੀ ਚਾਹੀਦੀ ਹੈ ਜਿਸ ‘ਚ ਉਨ੍ਹਾਂ ਨੇ ਮੀਡੀਆ ਦੇ ਸਰਕਾਰੀ ਇਸ਼ਤਿਹਾਰਾਂ ‘ਤੇ 2 ਸਾਲ ਦੀ ਪਾਬੰਦੀ ਲਗਾਉਣ ਦੀ ਗੱਲ ਕਹੀ ਹੈ।

ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਚਾਰਾਂ ਐਸੋਸੀਏਸ਼ਨਾਂ ਨੇ ਕਿਹਾ ਹੈ ਕਿ ਹੋਰ ਸੰਸਥਾਵਾਂ ਵਾਂਗ ਮੀਡੀਆ ਵੀ ਕੋਰੋਨਾ ਵਿਰੁੱਧ ਜੰਗ ‘ਚ ਸ਼ਾਮਲ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ‘ਚ ਸਾਰਾ ਕੰਮ ਕਾਜ ਬੰਦ ਪਿਆ ਹੈ ਤੇ ਨਿਊਜ਼ ਪੇਪਰ ਇੰਡਸਟਰੀ ਦੀ ਪਹਿਲਾਂ ਹੀ ਹਾਲਤ ਮਾੜੀ ਹੈ। ਇਸ ਸਮੇਂ ਮੀਡੀਆ ਨੂੰ ਕਿਸੇ ਹੋਰ ਪਾਸੇ ਤੋਂ ਇਸ਼ਤਿਹਾਰ ਤਾਂ ਆ ਨਹੀਂ ਰਹੇ ਤੇ ਜਿਹੜੇ ਸਰਕਾਰ ਵੱਲੋਂ ਇਸ਼ਤਿਹਾਰ ਆਉਂਦੇ ਹਨ ਇਨ੍ਹਾਂ ਨੂੰ ਵੀ ਬੰਦ ਕਰਨ ਨਾਲ ਮੀਡੀਆ ਦੇ ਲੱਖਾਂ ਕਰਮੀਆਂ ਦਾ ਰੁਜ਼ਗਾਰ ਖਤਰੇ ‘ਚ ਪੈ ਸਕਦਾ ਹੈ। ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਇਸ ਤਜ਼ਵੀਜ਼ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤੇ ਮੌਜੂਦਾ ਸਰਕਾਰ ਨੂੰ ਵੀ ਉਨ੍ਹਾਂ ਦੀ ਇਸ ਤਜ਼ਵੀਜ਼ ‘ਤੇ ਵਿਚਾਰ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੀਡੀਆ ਨੂੰ ਇਸ਼ਤਿਹਾਰਾਂ ਰਾਹੀ ਰਾਹਤ ਮਿਲਦੀ ਰਹੇਗੀ ਤਾਂ ਹੀ ਮੀਡੀਆ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖਣ ‘ਚ ਸਹਾਈ ਹੋ ਸਕੇਗਾ।

- Advertisement -

ਇਸ ਲਈ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਚਾਰਾਂ ਐਸੋਸੀਏਸ਼ਨਾਂ ਨੇ ਮਿਲ ਕੇ ਇਹ ਮੰਗ ਕੀਤੀ ਹੈ ਕਿ ਕਾਂਗਰਸ ਪ੍ਰਧਾਨ ਆਪਣੀ ਇਸ ਤਜ਼ਵੀਜ਼ ਨੂੰ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਜੰਗ ‘ਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਮੀਡੀਆ ਨੂੰ ਪਹਿਲਾਂ ਹੀ ਬਹੁਤ ਲਿਮਿਟਿਡ ਸਰਕਾਰੀ ਇਸ਼ਤਿਹਾਰ ਮਿਲਦੇ ਹਨ ਤੇ ਉਨ੍ਹਾਂ ‘ਤੇ ਵੀ ਬੰਦ ਕਰਨ ਦੀ ਤਜ਼ਵੀਜ਼ ਦੇਣਾ ਇੱਕ ਤਰ੍ਹਾਂ ਨਾਲ ਮੀਡੀਆ ਦਾ ਗਲਾ ਘੁੱਟਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੀਡੀਆ ਇਸ ਸਮੇਂ ਇੱਕ ਵੰਡੇ ਸੰਕਟ ‘ਚੋਂ ਗੁਜ਼ਰ ਰਿਹਾ ਹੈ ਤੇ ਇਸ ਤਜਵੀਜ਼ ਨਾਲ ਮੀਡੀਆ ਬਿਲਕੁਲ ਬੰਦ ਹੋਣ ਦੇ ਕਿਨਾਰੇ ‘ਤੇ ਚਲਾ ਜਾਵੇਗਾ। ਜਦੋਂ ਉਨ੍ਹਾਂ ਤੋਂ ਇਸ ਗੰਭੀਰ ਸਥਿਤੀ ‘ਚ ਮੀਡੀਆ ਕਰਮੀਆਂ ਨੂੰ ਇੰਸੋਰੈਂਸ ਕਵਰ ਦੇਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਇਹ ਮੁੱਦਾ ਸਰਕਾਰ ਅੱਗੇ ਚੁੱਕਿਆ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਮੀਡੀਆ ਕਰਮੀਆਂ ਨੂੰ 50-50 ਲੱਖ ਰੁਪਏ ਦਾ ਇੰਸੋਰੈਂਸ ਕਵਰ ਦਿੱਤਾ ਜਾਵੇ।

 

Share this Article
Leave a comment