ਬਠਿੰਡਾ: ਤਲਵੰਡੀ ਸਾਬੋ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ‘ਚ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਰਾਤ ਨੂੰ ਵਾਪਰਿਆ, ਜਿਸ ਵਿੱਚ ਪਰਿਵਾਰ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਜ਼ਖਮੀਆਂ ਦਾ ਇਲਾਜ ਏਮਜ਼ ਬਠਿੰਡਾ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਨਗਰ ਕੌਂਸਲ ਦੇ ਸੀਵਰੇਜ ਵਿਭਾਗ ਵਿੱਚ ਕੰਮ ਕਰਦੇ ਧਰਮ ਸਿੰਘ ਉਰਫ਼ ਕਾਲਾ ਦਾ ਪਰਿਵਾਰ ਆਪਣੇ ਕਮਰੇ ਵਿੱਚ ਸੌ ਰਿਹਾ ਸੀ। ਰਾਤ ਕਰੀਬ 11 ਵਜੇ ਅਚਾਨਕ ਛੱਤ ਡਿੱਗ ਗਈ।ਇਸ ਹਾਦਸੇ ਵਿੱਚ ਧਰਮ ਸਿੰਘ ਦੀ ਪਤਨੀ ਵੀਰਪਾਲ ਕੌਰ (40) ਅਤੇ ਉਨ੍ਹਾਂ ਦੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਦੋ ਧੀਆਂ, ਸਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜਿਨ੍ਹਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ AIIMS ਬਠਿੰਡਾ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਧਰਮ ਸਿੰਘ ਕਮਰੇ ਦੇ ਬਾਹਰ ਸੌ ਰਿਹਾ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਇਸ ਰੂਹ – ਕੰਬਾਊ ਹਾਦਸੇ ਤੋਂ ਬਾਅਦ ਪੂਰੇ ਤਲਵੰਡੀ ਸਾਬੋ ਖੇਤਰ ਵਿੱਚ ਸੋਗ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਅਤੇ ਦੋ ਬੱਚਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਨਾਲ ਹਰ ਕੋਈ ਹੈਰਾਨ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਘਟਨਾ ਦੀ ਜਾਣਕਾਰੀ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜਾਂ ਵਿੱਚ ਜੁੱਟ ਗਏ। ਨਗਰ ਕੌਂਸਲ ਪ੍ਰਧਾਨ ਸਮੇਤ ਕਈ ਲੋਕਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਓਂ ਸਮੇਤ ਕਈ ਲੋਕ ਪ੍ਰਤੀਨਿਧ ਅਤੇ ਪਤਵੰਤੇ ਸੱਜਣ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

