ਪੰਜਾਬ ਦੇ ਇਨ੍ਹਾਂ ਪੁਲਿਸ ਅਧਿਕਾਰੀਆਂ ਸਣੇ 150 ‘ਟੌਪ ਕੌਪਸ’ ਨੂੰ 15 ਅਗਸਤ ਨੂੰ ਦਿੱਤਾ ਜਾਵੇਗਾ ‘ਕੇਂਦਰੀ ਗ੍ਰਹਿ ਮੰਤਰੀ ਪਦਕ’

TeamGlobalPunjab
2 Min Read

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਪੀਆਈਬੀ. ਦਿੱਲੀ ਨੇ ਦੇਸ਼ ਦੇ ਅਜਿਹੇ 152 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ “ਕੇਂਦਰੀ ਗ੍ਰਹਿ ਮੰਤਰੀ ਮੈਡਲ” 2021 ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੇਸਾਂ ਦੀ ਜਾਂਚ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ।

‘ਮੈਡਲ ਫ਼ਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ’ ਤਹਿਤ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਗੋਇਲ ਅਤੇ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਚੋਣ ਹੋਈ ਹੈ। ਜੋ ਕਿ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ। ਗ੍ਰਹਿ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅਪਲੋਡ ਕੀਤੀ ਗਈ ਜਾਣਕਾਰੀ ਤੋਂ ਇਹ ਜਾਣਕਾਰੀ ਮਿਲੀ ਹੈ। ਪਿਛਲੇ ਦਿਨੀਂ ਬਰਨਾਲਾ ਵਿੱਚ ਸ਼ਹੀਦੀ ਸਮਾਰਕ ਯਾਦਗਾਰ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਪੁਲਿਸ ਮੁਖੀ ਨੇ ਵੀ ਦੋਵਾਂ ਪੁਲਿਸ ਅਧਿਕਾਰੀਆਂ ਦੀ ਸਿਫ਼ਤ ਕਰਦਿਆਂ ਦੱਸਿਆ ਸੀ ਕਿ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ ਦੇਸ਼ ’ਚੋਂ ਸਭ ਤੋਂ ਵੱਡੀ ਨਸ਼ੇ ਦੀ ਖੇਪ ਤੇ ਡਰੱਗ ਮਨੀ ਬਰਾਮਦ ਕਰਨ ਅਤੇ ਨਸ਼ਾ ਸਪਲਾਈ ਚੇਨ ਤੋੜ ਕੇ ਦਿੱਲੀ, ਆਗਰਾ ਗੈਂਗ ਨੂੰ ਫੜ੍ਹਨ ’ਚ ਵੱਡੀ ਸਫ਼ਲਤਾ ਹਾਸਲ ਕਰਨ ਵਿੱਚ ਦੋਵਾਂ ਪੁਲਿਸ ਅਧਿਕਾਰੀਆਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।

ਜਾਂਚ ਵਿੱਚ ਬਿਹਤਰੀਨ ਭੂਮਿਕਾ ਨਿਭਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਪਦਕ 2021 ਤੋਂ 152 ਪੁਲਿਸ ਅਧਿਕਾਰੀਆਂ ਨੂੰ ਸਨਮਾਨਤ ਕਰਨ ਦੀ ਪੋਸਟ ਪੀਆਈਬੀ ਦਿੱਲੀ ਵੱਲੋਂ ਜਾਰੀ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਦੋਵੇਂ ਅਧਿਕਾਰੀ 81 ਨੰਬਰ ਅਤੇ 82 ਵੇਂ ਨੰਬਰ ‘ਤੇ ਸ਼ਾਮਲ ਹਨ।ਇਨ੍ਹਾਂ ਪੁਰਸਕਾਰਾਂ ਨੂੰ ਹਾਸਲ ਕਰਨ ਵਾਲੇ ਕਰਮਚਾਰੀਆਂ ਵਿੱਚ 15 ਕੇਂਦਰੀ ਜਾਂਚ ਬਿਊਰੋ ਦੇ ਹਨ। ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਪੁਲਿਸ ਦੇ 11 ਪੁਲਿਸ ਅਧਿਕਾਰੀ, ਉੱਤਰ ਪ੍ਰਦੇਸ਼ ਦੇ 10, ਕੇਰਲਾ ਅਤੇ ਰਾਜਸਥਾਨ ਪੁਲਿਸ ਦੇ 9, ਤਾਮਿਲਨਾਡੂ ਦੇ 8, ਬਿਹਾਰ ਦੇ 7, ਗੁਜਰਾਤ, ਕਰਨਾਟਕ ਅਤੇ ਦਿੱਲੀ ਪੁਲਿਸ ਦੇ 6-6 ਅਤੇ ਬਾਕੀ ਦੇ ਹੋਰ ਪੁਲਿਸ ਅਧਿਕਾਰੀ ਹਨ। ਇਨ੍ਹਾਂ ਵਿੱਚ 28 ਮਹਿਲਾ ਪੁਲਿਸ ਅਧਿਕਾਰੀ ਸ਼ਾਮਲ ਹਨ।ਐਸਐਸਪੀ ਸੰਦੀਪ ਗੋਇਲ ਨੂੰ ਜਿੱਥੇ ਲੋਕ ਉਨ੍ਹਾਂ ਦੇ ਸਾਫ ਅਕਸ ਤੇ ਬੇਬਾਕ ਪੁਲਿਸ ਅਫਸਰ ਵਜੋਂ ਜਾਣਦੇ ਹਨ ਉੱਥੇ ਹੀ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਮੈਡਲ ਤੇ ਪੰਜਾਬ ਮੁੱਖ ਮੰਤਰੀ ਮੈਡਲ ਸਣੇ, ਛੇ ਵਾਰ ਡੀਜੀਪੀ ਡਿਸਕ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ।

Share this Article
Leave a comment