ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -68
ਸਲੋਕ ੨੭ ਤੇ ੩੧ ਦੀ ਵਿਚਾਰ
ਡਾ. ਗੁਰਦੇਵ ਸਿੰਘ*
ਗੱਲ ਇਹ ਬਿਲਕੁਲ ਸੋਲਾਂ ਆਨੇ ਸੱਚ ਹੈ ਕਿ ਜੋ ਮਨੁੱਖ ਵਾਹਿਗੁਰੂ ਨੂੰ ਨਿਰੰਤਰ ਯਾਦ ਰੱਖਦਾ ਹੈ ਉਸ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਉਸ ਦੀ ਸਦਾ ਸੁਖਦ ਅਵਸਥਾ ਬਣੀ ਰਹਿੰਦੀ ਹੈ ਪਰ ਜੋ ਪ੍ਰਾਣੀ ਮਾਇਆ ਦੇ ਨਸ਼ੇ ਵਿੱਚ ਰੱਬ ਨੂੰ ਭੁੱਲ ਜਾਂਦਾ ਹੈ ਉਹ ਹਮੇਸ਼ਾਂ ਦੁੱਖ ਹੀ ਸਹਾਰਦਾ ਹੈ। ਗੁਰਬਾਣੀ ਸਾਨੂੰ ਵਾਰ ਵਾਰ ਇਹ ਸਮਝਾਉਂਦੀ ਹੈ।
ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 27 ਤੋਂ 31 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਸਿਮਰਨ ਦਾ ਉਪਦੇਸ਼ ਦੇ ਰਹੇ ਹਨ:
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥
ਹੇ ਨਾਨਕ! ਆਖ– ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) । ਸੋ, ਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।27।
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥
ਹੇ ਨਾਨਕ! ਆਖ– (ਹੇ ਭਾਈ!) ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ।28।
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥
ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ। ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।29।
ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥
ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥
ਹੇ ਨਾਨਕ! ਆਖ– (ਹੇ ਭਾਈ! ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ?।30।
ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥
ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥
ਹੇ ਨਾਨਕ! ਆਖ– (ਹੇ ਭਾਈ!) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।31।
ਨੌਵੇਂ ਪਾਤਸ਼ਾਹ ਉਕਤ ਸਲੋਕਾਂ ਵਿੱਚ ਮਨੁੱਖ ਨੂੰ ਸਮਝਾਉਣਾ ਕਰ ਰਹੇ ਹਨ ਕਿ ਹੇ ਭਾਈ ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ ਇਸ ਨੂੰ ਸੰਭਾਲੋ। ਇਹ ਵਾਰ ਵਾਰ ਨਹੀਂ ਮਿਲਣਾ। ਇਸ ਜੀਵਨ ਵਿੱਚ ਉਸ ਅਕਾਲ ਪੁਰਖ ਦਾ ਨਾਮ ਜਪਣ ਨਾਲ ਜਿਥੇ ਲੋਕ ਸੁਖੀਆ ਹੋਵੇਗਾ ਉਥੇ ਪਰਲੋਕ ਵਿੱਚ ਵੀ ਸੁੱਖ ਮਾਣੋਗੇ। ਗੁਰੂ ਸਾਹਿਬ ਇਸ ਦੀ ਪੱਕੀ ਹਾਮੀ ਭਰਦੇ ਹਨ ਕਿ ਜੋ ਮਨੁੱਖ ਉਸ ਅਕਾਲ ਪੁਰਖ ਹਰ ਸਮੇਂ ਸਿਮਰਦਾ ਹੈ ਉਹ ਫਿਰ ਉਸ ਵਿੱਚ ਹੀ ਅਭੇਦ ਹੋ ਜਾਂਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ।ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥