Shabad Vichaar 64 – ਸਲੋਕ ੧੩ ਤੇ ੧੬ ਦੀ ਵਿਚਾਰ

TeamGlobalPunjab
5 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – ShabadVichaar -64

ਸਲੋਕ ਤੇ ਦੀ ਵਿਚਾਰ

ਅਕਾਲ ਪੁਰਖ ਦੀ ਜਿਸ ਮਨੁੱਖ ‘ਤੇ ਕਿਰਪਾ ਹੋ ਜਾਂਦੀ ਹੈ ਉਹ ਦੁੱਖ ਸੁੱਖ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ। ਉਸ ਦੀ ਅਜਿਹੀ ਅਵਸਥਾ ਅਵਸਥਾ ਇਹ ਬਣ ਜਾਂਦੀ ਹੈ ਕਿ ਉਸ ਨੂੰ ਸੋਨਾ ਤੇ ਲੋਹਾ ਇੱਕ ਸਾਮਾਨ ਜਾਪਦਾ ਹੈ। ਉਹ ਨਾਹ ਹੀ ਕਿਸੇ ਦੀ ਉਸਤਤਿ ਕਰਦਾ ਹੈ ਅਤੇ ਨਾਹੀ ਕਿਸੇ ਦੀ ਨਿੰਦਾ ਹੀ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਰਚਿਤ ਅਜਿਹੇ ਮਨੁੱਖ ਨੂੰ ਉਸ ਅਕਾਲ ਪੁਰਖ ਦੀ ਮੂਰਤ  ਆਖਿਆ ਗਿਆ ਹੈ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 13 ਤੋਂ 16 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਗੁਰਮੁਖ ਮਨੁੱਖ ਦੇ ਗੁਣਾਂ ਦਾ ਉਪਦੇਸ਼ ਦੇ ਰਹੇ ਹਨ:

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥

- Advertisement -

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ।13।

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ) , ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ) , ਇਹ ਗੱਲ (ਪੱਕੀ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ।14।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ।15।

- Advertisement -

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ 

ਹੇ ਨਾਨਕ! ਆਖ– ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।16।

ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਤੇਹਰਵੇਂ ਸਲੋਕ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਜਿਸ ਮਨੁੱਖ ‘ਤੇ ਸੁੱਖ ਦੁੱਖ ਅਤੇ ਲੋਭ ਮੋਹ ਦਾ ਕੋਈ ਅਸਰ ਨਹੀਂ ਹੁੰਦਾ ਉਹ ਮਨੂੱਖ ਵਾਹਿਗੁਰੂ ਦੀ ਮੂਰਤ ਹੀ ਹੋ ਜਾਂਦਾ ਹੈ। 14ਵੇਂ ਸਲੋਕ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਉਸ ਮਨੁੱਖ ਨੂੰ ਸਾਰੇ ਤਰ੍ਹਾਂ ਦੇ ਮੋਹ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਿਸ ‘ਤੇ ਉਸਤਤਿ ਅਤੇ ਨਿੰਦਿਆ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਅਜਿਹੇ ਮਨੁੱਖ ਲਈ ਸੋਨਾ ਅਤੇ ਲੋਹਾ ਇੱਕ ਸਾਮਾਨ ਹੀ ਹੁੰਦਾ ਹੈ। 15ਵੇਂ ਸਲੋਕ ਵਿੱਚ ਗੁਰੂ ਜੀ ਗੁਰਮੁਖ ਦੀ ਅਵਸਥਾ ਦਾ ਜ਼ਿਕਰ ਕਰਦੇ ਹੋਏ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਜਿਸ ਮਨੁੱਖ ‘ਤੇ ਖੁਸ਼ੀ ਗਮੀ ਆਪਣਾ ਜ਼ੋਰ ਨਾਹੀ ਪਾਉਂਦੀ ਅਤੇ ਜਿਸ ਨੂੰ ਵੈਰੀ ਤੇ ਮਿੱਤਰ ਇਕੋ ਸਮਾਨ ਲੱਗਦੇ ਹਨ ਉਸ ਨੂੰ ਸਮਝੋ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲ ਗਿਆ। 16 ਵੇਂ ਸਲੋਕ ਵਿੱਚ ਉਪਦੇਸ਼ ਕਰ ਰਹੇ ਹਨ ਹੇ ਭਾਈ ਜਿਹੜਾ ਮਨੁੱਖ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾਹੀ ਹੀ ਕਿਸੇ ਤੋਂ ਡਰਦਾ ਹੈ ਉਸ ਮਨੁੱਖ ਨੂੰ ਆਤਮਕ ਜੀਵਨ ਦੀ ਸੋਝੀ ਹੋ ਜਾਂਦੀ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment