ਸ਼ਬਦ ਵਿਚਾਰ 96 – ਜਪੁ ਜੀ ਸਾਹਿਬ – ਪਉੜੀ 20

TeamGlobalPunjab
7 Min Read

ਸ਼ਬਦ ਵਿਚਾਰ – 96

ਜਪੁ ਜੀ ਸਾਹਿਬਪਉੜੀ 20

ਡਾ. ਗੁਰਦੇਵ ਸਿੰਘ*

ਸੰਸਾਰ ਵਿੱਚ ਵਿਚਰਦਿਆਂ ਇਨਸਾਨ ਤੋਂ ਕਈ ਅਜਿਹੇ ਕਾਰਜ ਹੋ ਜਾਂਦੇ ਹਨ ਜੋ ਉਸ ਲਈ ਦੁਖਦਾਈ ਬਣ ਜਾਂਦੇ ਹਨ ਪਰ ਉਨ੍ਹਾਂ ਗਲਤ ਕੰਮਾਂ ਨੂੰ ਸਮਾਂ ਰਹਿੰਦੇ ਠੀਕ ਕੀਤਾ ਵੀ ਜਾ ਸਕਦਾ ਹੈ। ਸੰਸਾਰ ਵਿੱਚ ਮਨੁੱਖ ਨੂੰ ਆਪਣੇ ਜੀਵਨ ਕਾਲ ਦੌਰਾਨ ਅਨੇਕ ਕਾਰਜ ਕਰਨੇ ਹੁੰਦੇ ਹਨ ਜਾਂ ਮਨੁੱਖ ਕਰਦਾ ਆ ਰਿਹਾ ਹੈ। ਜੇ ਇਹ ਕਾਰਜ ਉਸ ਅਕਾਲ ਪੁਰਖ ਦੀ ਰਜਾ ਵਿੱਚ ਰਹਿ ਕੇ ਕੀਤੇ ਜਾਣ ਤਾਂ ਜੀਵਨ ਸਫਲ ਸਮਝੋ ਪਰ ਜਦੋਂ ਮਨੁੱਖ ਮਨ ਵਸ ਹੋ ਕੇ ਕਾਰਜ ਕਰਦਾ ਹੈ ਤਾਂ ਉਸ ਦੇ ਉਹੀ ਕਾਰਜ ਉਸ ਲਈ ਅੱਗੇ ਜਾ ਕੇ ਦੁੱਖਾਂ ਦੇ ਕਾਰਨ ਬਣ ਜਾਂਦੇ ਹਨ। ਅਜਿਹੀ ਅਵਸਥਾ ਵਿੱਚ ਉਸ ਅਕਾਲ ਪੁਰਖ ਦੇ ਨਾਮ ਦੀ ਬਰਕਤ ਨਾਲ ਸਭ ਕੁਝ ਠੀਕ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੁਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਅੱਜ ਅਸੀਂ ਜਪੁਜੀ ਸਾਹਿਬ ਦੀ 20ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਸਾਨੂੰ ਮੈਲੀ ਹੋਈ ਮਤ ਨੂੰ ਸਾਫ ਕਰਨ ਦਾ ਤਰੀਕਾ ਸਮਝਾ ਰਹੇ ਹਨ:

- Advertisement -

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥

ਪਦ ਅਰਥ: ਭਰੀਐ-ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ-ਸਰੀਰ। ਦੇਹ-ਸਰੀਰ। ਪਾਣੀ ਧੋਤੈ-ਪਾਣੀ ਨਾਲ ਧੋਤਿਆਂ। ਉਤਰਸੁ-ਉਤਰ ਜਾਂਦੀ ਹੈ। ਖੇਹ-ਮਿੱਟੀ, ਧੂੜ, ਮੈਲ।

ਵਿਆਖਿਆ :  ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।

ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥

ਪਦ ਅਰਥ: ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ ਨਾਲ ਪਲੀਤ। ਕਪੜੁ-ਕੱਪੜਾ। ਦੇ ਸਾਬੂਣੁ-ਸਾਬਣ ਲਾ ਕੇ। ਲਈਐ-ਲਈਦਾ ਹੈ। ਓਹੁ-ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ-ਧੋ ਲਈਦਾ ਹੈ।

- Advertisement -

ਵਿਆਖਿਆ : ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥

ਪਦ ਅਰਥ: ਭਰੀਐ-ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ-ਬੁੱਧ। ਪਾਪਾ ਕੈ ਸੰਗਿ-ਪਾਪਾਂ ਦੇ ਨਾਲ। ਓਹੁ-ਉਹ ਪਾਪ। ਧੋਪੈ-ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ-ਪਿਆਰ ਨਾਲ। ਨਾਵੈ ਕੈ ਰੰਗਿ-ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।

ਵਿਆਖਿਆ : (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥

ਇਸ ਤੁਕ ਦੇ ਅਰਥ ਕਰਨ ਤੋਂ ਪਹਿਲਾ  ਸ਼ਬਦ ‘ਆਖਣੁ’ ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:

(1) ਪੁੰਨੀ ਪਾਪੀ ਆਖਣੁ ਨਾਹਿ। (ਪਉੜੀ 20)

(2) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ 21)

(3) ਜੇ ਕੋ ਖਾਇਕੁ ਆਖਣਿ ਪਾਇ। (ਪਉੜੀ 25)

(4) ਕੇਤੇ ਆਖਹਿ ਆਖਣਿ ਪਾਹਿ। (ਪਉੜੀ 26)

(5) ਆਖਣਿ ਜੋਰੁ ਚੁਪੈ ਨਹਿ ਜੋਰੁ। (ਪਉੜੀ 33)

(6) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ।2।19। (ਮਾਝ ਕੀ ਵਾਰ)

(7) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।3।13। (ਮਾਝ ਕੀ ਵਾਰ)

ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ‘ਆਖਣੁ’ ਨਾਵ ਹੈ ਤੇ ‘ਆਖਣਿ’ ਕ੍ਰਿਆ ਹੈ। ਨਾਵ ‘ਆਖਣੁ’ ਦਾ ਅਰਥ ਹੈ ‘ਨਾਮ, ਕਹਿਣਾ, ਮੂੰਹ’ ਜਿਵੇਂ ਪ੍ਰਮਾਣ ਨੰ: 1 ਅਤੇ 6 ਵਿਚ ਹੈ। ਪ੍ਰਮਾਣ ਨੰ:2, 3, 4, 5, ਅਤੇ 7 ਵਿਚ ‘ਆਖਣਿ’ ਕ੍ਰਿਆ ਹੈ।

ਪਦ ਅਰਥ: ਆਖਣੁ-ਨਾਮੁ, ਬਚਨ। ਨਾਹਿ-ਨਹੀਂ ਹੈ। ਕਰਿ ਕਰਿ ਕਰਣਾ-(ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ-ਲਿਖ ਕੇ,(ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ-ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ। ਆਪੇ-ਆਪ ਹੀ। ਬੀਜਿ-ਬੀਜ ਕੇ। ਹੁਕਮੀ-ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ-ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ।

ਵਿਆਖਿਆ : ਹੇ ਨਾਨਕ! ‘ਪੰਨੀ’ ਜਾਂ ‘ਪਾਪ’ ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ। 20।

ਜਪੁਜੀ ਸਾਹਿਬ ਦੀ ਇਸ ਪਉੜੀ ਦੀ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਪੁਜੀ ਸਾਹਿਬ ਦੀ -ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।

ਸੋ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰ​ਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 21ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment