ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 54ਵੇਂ ਸ਼ਬਦ ਦੀ ਵਿਚਾਰ – Shabad Vichaar -54
ਕਹਾ ਨਰ ਅਪਨੋ ਜਨਮੁ ਗਵਾਵੈ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਜਗਤ ਵਿੱਚ ਜੋ ਉਪਜਿਆ ਹੈ ਉਹ ਬਿਨਾਸ ਹੋ ਜਾਣਾ ਹੈ। ਇਥੋਂ ਤਕ ਇਹ ਜੋ ਸਾਡਾ ਪੰਜ ਭੌਤਿਕ ਸਰੀਰ ਹੈ ਇਹ ਵੀ ਨਹੀਂ ਰਹਿਣਾ। ਇਹ ਸਾਰਾ ਸੰਸਾਰ ਸਪਨਾ ਹੀ ਹੈ ਜਿਸ ਨੂੰ ਦੇਖ ਕੇ ਅਸੀਂ ਲੋਭ ਵਸ ਹੋਏ ਪਏ ਹਾਂ। ਗੁਰਬਾਣੀ ਸਾਡਾ ਇਸ ਸੰਦਰਭ ਵਿੱਚ ਵਾਰ ਵਾਰ ਮਾਰਗ ਰੋਸ਼ਨ ਕਰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 54ਵੇਂ ਸ਼ਬਦ ‘ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1231 ‘ਤੇ ਰਾਗ ਸਾਰੰਗ ਅਧੀਨ ਅੰਕਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਰੰਗ ਰਾਗ ਵਿਚਲਾ ਤੀਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੂੱਖ ਨੂੰ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਣ ਦਾ ਉਪਦੇਸ਼ ਦੇ ਰਹੇ ਹਨ:
ਸਾਰੰਗ ਮਹਲਾ ੯ ॥
ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
ਹੇ ਭਾਈ! ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ। ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ।1। ਰਹਾਉ।
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
ਹੇ ਭਾਈ! ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ। ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ।1।
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
ਹੇ ਭਾਈ! ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ। ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।2।3।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਹੇ ਭਾਈ ਮਾਇਆ ਦੀ ਮਸਤੀ ਆਪਣਾ ਜੀਵਨ ਬਰਬਾਦ ਨਾ ਕਰ। ਇਹ ਸਾਰਾ ਜਗਤ ਸੁਪਨੇ ਦੀ ਨਿਆਈ ਹੈ ਜੋ ਵੀ ਕੁਝ ਦਿਖ ਰਿਹਾ ਹੈ ਉਹ ਖਤਮ ਹੋ ਜਾਣਾ ਹੈ। ਸੰਸਾਰ ਵਿੱਚ ਜੋ ਵੀ ਜੰਮਦਾ ਹੈ ਉਸ ਨੇ ਨਾਸ਼ ਹੋ ਜਾਣਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕਦਾ। ਉਹੀ ਮਨੁੱਖ ਮੋਹ ਦੇ ਬੰਧਨਾਂ ਤੋੜਦਾ ਹੈ ਜੋ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜਦਾ ਹੈ। ਇਸ ਲਈ ਵਾਹਿਗੁਰੁ ਦੀ ਸ਼ਰਨ ਪੈਣਾ ਚਾਹੀਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 55ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥