ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 50ਵੇਂ ਸ਼ਬਦ ਦੀ ਵਿਚਾਰ – Shabad Vichaar -50
ਮਨ ਕਹਾ ਬਿਸਾਰਿਓ ਰਾਮ ਨਾਮੁ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਸਗਲ ਜਗਤ ਧੂਏਂ ਦੇ ਪਹਾੜ ਦੀ ਨਿਆਈ ਹੈ ਜੋ ਹਵਾ ਦੇ ਇੱਕ ਬੁਲੇ ਅੱਗੇ ਨਹੀਂ ਟਿੱਕਦਾ। ਇਸ ਕਰਕੇ ਇਸ ਜਗਤ ਨਾਲ ਮੋਹ ਪਾਉਂਣ ਦੀ ਬਜਾਏ ਆਪਣੇ ਅਸਲ ਮਨੁੱਖਾ ਕਾਰਜ ਨੂੰ ਕਰਨਾ ਚਾਹੀਦਾ ਹੈ ਜਿਸ ਦੇ ਬਾਰੇ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ।
- Advertisement -
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 50ਵੇਂ ਸ਼ਬਦ ‘ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1186 ‘ਤੇ ਰਾਗ ਬਸੰਤ ਅਧੀਨ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨ ਨੂੰ ਰਾਮ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਕਰ ਰਹੇ ਹਨ:
ਬਸੰਤੁ ਮਹਲਾ ੯ ॥
ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
ਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ? (ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ।1। ਰਹਾਉ।
ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
- Advertisement -
ਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ) । ਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ?।1।
ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
ਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ ਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।2।
ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥
ਹੇ ਨਾਨਕ! ਆਖ– (ਹੇ ਭਾਈ!) ਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ (ਇਸ ਵਾਸਤੇ) ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ।3।4।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਕਤ ਸ਼ਬਦ ਵਿੱਚ ਮਨੁੱਖ ਸਮਝਾ ਰਹੇ ਹਨ ਕਿ ਹੇ ਭਾਈ ਰਾਮ ਨਾਮ ਦੇ ਨਾਮ ਤੋਂ ਬਿਨਾਂ ਤੇਰੇ ਨਾਲ ਹੋਰ ਕੁਝ ਵੀ ਇਸ ਸੰਸਾਰ ਤੋਂ ਨਹੀਂ ਜਾਣਾ। ਇਹ ਸਗਲ ਸੰਸਾਰ ਧੂੰਏ ਦੇ ਪਹਾੜ ਦੀ ਤਰ੍ਹਾਂ ਹੈ ਜੋ ਹਵਾ ਦੇ ਛੋਟੇ ਜਿਹੇ ਬੁਲੇ ਨਾਲ ਹੀ ਉਡ ਜਾਂਦਾ ਹੈ, ਇਸ ਲਈ ਇਸ ਸੰਸਾਰ ਵਿੱਚ ਖਚਤ ਹੋਣ ਦੀ ਬਜਾਏ ਉਸ ਅਕਾਲ ਪੁਰਖ ਨਾਲ ਪਿਆਰ ਪਾ ਤੇ ਉਸ ਦਾ ਸਿਮਰਨ ਕਰਿਆ ਕਰ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 51ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
*gurdevsinghdr@gmail.com